Farmer Protest: ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ 26 ਨਵੰਬਰ ਤੋਂ ਪੰਜਾਬ ਵਿਚ ਚੱਲਦੇ ਮੋਰਚੇ 15ਵੇਂ ਦਿਨ ਜਾਰੀ ਰਹੇ | ਚਲਦੇ ਮੋਰਚੇ ਦੌਰਾਨ, ਸਰਕਾਰ ਵੱਲੋਂ ਮੰਗਾਂ ਤੇ ਢਿੱਲਮੁੱਲ ਰਵਈਏ ਦੇ ਕਾਰਨ , ਜਥੇਬੰਦੀ ਵੱਲੋਂ ਉਲੀਕੇ ਐਕਸ਼ਨ ਪ੍ਰੋਗਰਾਮਾਂ ਤਹਿਤ 12 ਦਸੰਬਰ ਨੂੰ ਮੰਤਰੀਆਂ ਤੇ ਵਿਧਾਇਕਾ ਦੇ ਘਰਾਂ ਦੇ ਘਿਰਾਓ ਦੀਆਂ ਤਿਆਰੀਆਂ ਵਜੋਂ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਘਰ ਦੇ ਘੇਰਾਓ ਲਈ, 14 ਜ਼ੋਨਾਂ ਦੀਆਂ ਮੀਟਿੰਗਾਂ ਕਰਵਾ ਕੇ ਲਾਮਬੰਦੀ ਕੀਤੀ ਗਈ|
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੈਂਟਰ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਨਾ ਕਰਨ ਤੇ ਮਜਬੂਰਨ ਅੱਤ ਦੀ ਠੰਢ ਵਿੱਚ ਵੀ ਕਿਸਾਨਾ ਮਜ਼ਦੂਰਾਂ ਨੂੰ ਡੀ ਸੀ ਦਫਤਰਾ ਅੱਗੇ ਧਰਨਾ ਦੇਣਾਂ, ਸਰਕਾਰਾਂ ਦੀ ਇੱਛਾ ਸ਼ਕਤੀ ਤੇ ਵੱਡਾ ਸਵਾਲ ਹੈ, ਸਰਕਾਰਾ ਕਾਰਪੋਰੇਟ ਪੱਖੀ ਨੀਤੀਆਂ ਨੂੰ ਵਧਾਵਾ ਦੇਣ ਤੇ ਲੱਗੀਆਂ ਹੋਈਆਂ ਹਨ ਅਤੇ ਇਸ ਗੱਲ ਨੂੰ ਦੇਸ਼ ਦਾ ਕਿਸਾਨ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ |
ਜਥੇਬੰਦੀ ਨੇ 12 ਦਸੰਬਰ ਨੂੰ ਇਸ ਮੋਰਚੇ ਦੀ ਕਮਾਂਡ ਬੀਬੀਆਂ ਨੂੰ ਸੋਂਪੀ ਗਈ ਹੈ | ਡੀਸੀ ਦਫਤਰ ਮੋਰਚੇ ਨੂੰ ਸੰਬੋਧਨ ਕਰਦੇ ਜਿਲ੍ਹਾ ਸੀ: ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਅਗਰ ਪੰਜਾਬ ਦੀ ਮਾਨ ਸਰਕਾਰ ਨੇ ਸਮਾਂ ਰਹਿੰਦਿਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਵਿੱਚ ਸਘੰਰਸ਼ ਦੀ ਰੂਪ ਰੇਖਾ ਤਿਖੀ ਕੀਤੀ ਜਾਵੇਗੀ | ਜੋ ਮੁਸ਼ਕਿਲ ਲੋਕਾਂ ਨੂੰ ਆਈ ਉਸ ਦੀ ਜੁਮੇਵਾਰੀ ਜਥੇਬੰਦੀ ਨਹੀ ਪੰਜਾਬ ਦੀ ਮਾਨ ਸਰਕਾਰ ਹੋਵੇਗੀ |
ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਜੀ-20 ਮੀਟਿੰਗ ਨੂੰ ਲੈ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ ਇਹ ਗੱਲ ਸਾਬਿਤ ਕਰਦੀ ਹੈ ਕਿ ਸਰਕਾਰ ਪੂਰੇ ਤਰੀਕੇ ਨਾਲ ਵਿਸ਼ਵ ਬੈਂਕ ਅਤੇ ਕਾਰਪੋਰੇਟ ਦੀਆਂ ਪੋਲਸੀਆਂ ਲਾਗੂ ਕਰਨ ਲਈ ਕਿੰਨੀ ਕਾਹਲੀ ਹੈ ਜੋ ਆਮ ਜਨਤਾ ਦੇ ਹਿੱਤਾਂ ਦੇ ਖਿਲਾਫ ਹਨ | ਓਨ੍ਹਾਂ ਕਿਹਾ ਕਿ ਅੱਜ ਜਨਤਾ ਦਿੱਲੀ ਅੰਦੋਲਨ ਤੋਂ ਬਾਅਦ ਹੱਕਾਂ ਪ੍ਰਤੀ ਜਾਗ੍ਰਿਤ ਹੋਈ ਹੈ ਅਤੇ ਸਰਕਾਰਾਂ ਨੂੰ ਇਹਨਾਂ ਨੀਤੀਆਂ ਪੋਲੀਸੀਆਂ ਤੋਂ ਪਿੱਛੇ ਹਟਣ ਨੂੰ ਮਜਬੂਰ ਕਰ ਦੇਵੇਗੀ |