ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਝ ਪੰਜਾਬ ਦੌਰੇ ਲਈ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੇ। ਇੱਥੋਂ ਉਹ ਕਰਤਾਰਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ 'ਚ ਸ਼ਿਰਕਤ ਕਰਨ ਲਈ ਰਵਾਨਾ ਹੋ ਗਏ। ਕੇਜਰੀਵਾਲ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ 'ਚ ਹੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ 'ਤੇ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਮਾਈਨਿੰਗ ਦੇ ਮਾਲਕ ਹਨ ਜਾਂ ਭਾਈਵਾਲ ਹਨ।



ਕੇਜਰੀਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਬਹੁਤ ਸਾਰੇ ਵਿਧਾਇਕ ਨਜਾਇਜ਼ ਮਾਈਨਿੰਗ ਵਿੱਚ ਸ਼ਾਮਲ ਹਨ। ਜੇਕਰ ਵਿਧਾਇਕ ਜਾਂ ਸਿਆਸੀ ਆਗੂ ਹੀ ਮਾਇਨਿੰਗ ਚ ਸ਼ਾਮਲ ਹੋਣਗੇ ਤਾਂ ਆਮ ਲੋਕ ਕਿੱਥੇ ਜਾਣਗੇ। ਕੇਜਰੀਵਾਲ ਨੇ ਕਿਹਾ ਸੂਬੇ 'ਚ 20 ਹਜਾਰ ਕਰੋੜ ਦੀ ਅੰਦਾਜਨ ਨਾਜਾਇਜ ਮਾਈਨਿੰਗ ਹੁੰਦੀ ਹੈ। ਸੂਬੇ 'ਚ ਆਮ ਆਦਮੀ ਪਾਰਟੀ ਸਰਕਾਰ ਬਣਨ 'ਤੇ ਨਾਜਾਇਜ ਮਾਈਨਿੰਗ ਰੋਕੀ ਜਾਵੇਗੀ। ਇਹ ਪੈਸਾ ਸੂਬੇ ਦੀ ਆਮ ਜਨਤਾ ਤੇ ਗਰੀਬ ਲੋਕਾਂ 'ਚ ਵੰਡਿਆ ਜਾਵੇਗਾ।





ਦੱਸ ਦਈਏ ਕਿ ਆਮ ਆਦਮੀ ਪਾਰਟੀ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਇੱਕ ਰੋਜ਼ਾ ਪੰਜਾਬ ਦੌਰੇ ’ਤੇ ਆਏ ਹਨ। ਇਸ ਵਾਰ ਉਹ ਦੋਆਬਾ ਖੇਤਰ ’ਚ ਚੋਣ ਸਰਗਰਮੀਆਂ ਤੇਜ਼ ਕਰਨਗੇ। ਸੂਤਰਾਂ ਮੁਤਾਬਕ ਕੇਜਰੀਵਾਲ ਦਲਿਤ ਵਰਗ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ ਕਿਉਂਕਿ ਦੋਆਬਾ ਖੇਤਰ ਵਿੱਚ ਦਲਿਤ ਵੋਟ ਬੈਂਕ ਦਾ ਕਾਫੀ ਦਬਦਬਾ ਹੈ।

ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਕਰਤਾਰਪੁਰ ’ਚ ਹੋਣ ਵਾਲੇ ਪ੍ਰੋਗਰਾਮ ’ਚ ਔਰਤਾਂ ਨੂੰ ਸੰਬੋਧਨ ਕਰਨਗੇ। ਇਸ ਮਗਰੋਂ ਹੁਸ਼ਿਆਰਪੁਰ ’ਚ ਐਸਸੀ ਭਾਈਚਾਰੇ ਨਾਲ ਗੱਲਬਾਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਹੋਰ ਸੂਬਾਈ ਆਗੂ ਵੀ ਹੋਣਗੇ।

ਚੀਮਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਇਹ ਦੌਰੇ ਅਸਲ ’ਚ 2022 ਦੀਆਂ ਚੋਣਾਂ ਲਈ ਪਾਰਟੀ ਵੱਲੋਂ ਤਿਆਰ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਦਾ ਹਿੱਸਾ ਹਨ। ਕੇਜਰੀਵਾਲ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ। ਉਹ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਲਈ ਵੱਡੇ ਐਲਾਨ ਕਰ ਰਹੇ ਹਨ। ਕੇਜਰੀਵਾਲ ਦੇ ਦੌਰਿਆਂ ਨਾਲ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ।