Farmers Protest: ਸੰਯੁਕਤ ਕਿਸਾਨ ਮੋਰਚੇ ਮੁੜ ਅੰਦਲੋਨ ਤੇਜ਼ ਕਰਨ ਜਾ ਰਿਹਾ ਹੈ। ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ 4 ਜੁਲਾਈ ਨੂੰ ਗਾਜ਼ੀਆਬਾਦ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਮੁਤਾਬਕ 18 ਤੋਂ 30 ਜੁਲਾਈ ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤੇ ਇਸ ਮਗਰੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮਾਂ ਮੌਕੇ ਦੇਸ਼ ’ਚ 4 ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ।

Continues below advertisement


ਇਸ ਮਗਰੋਂ 7 ਅਗਸਤ ਤੋਂ 14 ਅਗਸਤ ਤੱਕ ਦੇਸ਼ ਭਰ ’ਚ ‘ਜੈ ਜਵਾਨ ਜੈ ਕਿਸਾਨ’ ਸੰਮੇਲਨ ਕਰਕੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਕੱਠ ਕਰਕੇ ਲੋਕਾਂ ਨੂੰ ਅਗਨੀਪਥ ਯੋਜਨਾ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਜਾਵੇਗਾ ਤੇ ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਦੀ ਮੰਗ ਸਬੰਧੀ ਲਖੀਮਪੁਰ ਖੀਰੀ ਵਿੱਚ 75 ਘੰਟਿਆਂ ਲਈ ਧਰਨਾ ਦਿੱਤਾ ਜਾਵੇਗਾ।


ਕੇਂਦਰ ਸਰਕਾਰ ਵੱਲੋਂ ਐਮਐਸਪੀ ਦੇ ਮੁੱਦੇ ’ਤੇ ਬਣਾਈ ਗਈ ਕਮੇਟੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਕਮੇਟੀ ਬਿਲੁਕਲ ਬੇਅਰਥ ਹੈ ਕਿਉਂਕਿ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨ ਆਗੂਆਂ ਤੇ ਖੇਤੀ ਮਾਹਿਰਾਂ ਨੂੰ ਕਮੇਟੀ ’ਚ ਲੈਣ ਦੀ ਥਾਂ ਉਨ੍ਹਾਂ 26 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਭਾਜਪਾ, ਆਰਐਸਐਸ, ਡਬਲਿਊਟੀਓ ਪੱਖੀ ਹੋਣ ਕਰਕੇ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਹਮਾਇਤ ’ਚ ਡਟੇ ਰਹੇ ਹਨ।


ਉਨ੍ਹਾਂ ਕਿਹਾ ਕਿ ਇਹ ਕਮੇਟੀ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਏਕਤਾ ਕਾਇਮ ਰੱਖੀ ਜਾਵੇ ਤਾਂ ਜੋ ਸਰਕਾਰ ਨੂੰ ਕਿਸਾਨ ਪੱਖੀ ਫ਼ੈਸਲੇ ਲੈਣ ਲਈ ਮਜਬੂਰ ਕੀਤਾ ਜਾ ਸਕੇ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਤਵਾਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ ਕਨਵਨੈਸ਼ਨ ਕਰਕੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ’ਚ ਕਿਸਾਨੀ ਹਿੱਤਾਂ ਲਈ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ ਗਿਆ।