ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਦੁਨੀਆ `ਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿਤੀ। ਇਸ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਤੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ। 


ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀਂ ਹੈ।ਇਹ ਸਿੱਖਾਂ ਦਾ ਸਿਧਾਂਤ ਹੈ। ਸਿੱਖਾਂ ਦਾ ਸੰਕਲਪ ਹੈ। ਬੜਾ ਉੱਚਾ ਤੇ ਸੁੱਚਾ ਸੰਕਲਪ ਹੈ। ਅੱਜ ਹਰ ਸਿੱਖ ਨੂੰ ਇਸ ਸੰਕਲਪ ਨੂੰ ਜਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸੀਂ ਸਿੱਖ ਸੰਕਲਪ ਨੂੰ ਨਹੀਂ ਸਮਝਦੇ ਸਿੱਖ ਸਿਧਾਤਾਂ ਨੂੰ ਨਹੀਂ ਸਮਝਦੇ ਸਿੰਘ ਪਰੰਪਰਾਵਾਂ ਸਿੱਖ ਮਰਿਆਦਾ ਨੂੰ ਨਹੀਂ ਜਾਣਦੇ, ਅਸੀਂ ਸਿੱਖ ਧਰਮ ਨੂੰਬਿਲਕੁਲ ਹੀ ਸਮਝ ਸਕਦੇ। 


ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਜ਼ਰੂਰ ਪੜ੍ਹੋ। ਬਹੁਤ ਸਾਰੀਆਂ ਪੁਸਤਕਾਂ ਅਕਾਲ ਤਖ਼ਤ ਸਾਹਿਬ ਉੱਤੇ ਲਿਖੀਆਂ ਗਈਆਂ ਹਨ ਉਸ ਬਾਰੇ ਜਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਰੇ ਇਕਜੁੱਟ ਹੋ ਕੇ ਵਿਚਰੀਏ, ਫਿਰ ਅਸੀਂ ਧਾਰਮਿਕ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ। 


ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ, ਸੋਸ਼ਲ ਮੀਡੀਆ ਤੇ ਪਾਈ ਸਪੈਸ਼ਲ ਪੋਸਟ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਭਾਈਚਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਵਧਾਈ ਦਿਤੀ। ਉਨ੍ਹਾਂ ਸੋਸ਼ਲ ਮੀਡੀਆ `ਤੇ ਸਪੈਸ਼ਲ ਪੋਸਟ ਪਾ ਆਪਣਾ ਸੰਦੇਸ਼ ਲਿਖਿਆ। ਉਨ੍ਹਾਂ ਕਿਹਾ, "ਮੀਰੀ-ਪੀਰੀ ਦੇ ਪ੍ਰਤੀਕ, ਸਿੱਖ ਕੌਮ ਦੇ ਸਰਵ-ਉੱਚ ਅਸਥਾਨ, ਜ਼ੁਲਮ ਖ਼ਿਲਾਫ਼ ਵਿੱਢੀਆਂ ਜੰਗਾਂ ਅਤੇ ਸੰਘਰਸ਼ਾਂ ‘ਚ ਸਮੁੱਚੀ ਕੌਮ ਨੂੰ ਪ੍ਰੇਰਨਾ, ਉਤਸ਼ਾਹ ਅਤੇ ਅਗਵਾਈ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।"   









ਕਾਬਿਲੇਗ਼ੌਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ , ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਠੀਕ ਸਾਹਮਣੇ 1609 ਨੂੰ ਕੀਤੀ, ਜਿਸ ਨਾਲ ਸਿੱਖ ਇਤਹਾਸ ਚ ਇੱਕ ਨਵਾਂ ਮੋੜ ਆਇਆ ਤੇ ਸਿੱਖਾਂ ਨੇ ਸ਼ਸਤਰ ਧਾਰਨੇ ਵੀ ਸ਼ੁਰੂ ਕਰ ਦਿੱਤੇ।