ਹਰਿਆਣਾ ਦੇ ਸੋਨੀਪਤ ਦੇ ਪਿੰਡ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਦਿੱਗਜ਼ ਪਹਿਲਵਾਨ ਪ੍ਰਿਅਵਰਤ ਦੇਸ਼ ਦੀ ਸੇਵਾ ਕਰਨ ਲਈ ਫ਼ੌਜ 'ਚ ਭਰਤੀ ਹੋਈ ਸੀ। ਅਨੁਸ਼ਾਸਿਤ ਸਿਪਾਹੀ ਨੇ ਅਚਾਨਕ ਅਪਰਾਧ ਦੀ ਦੁਨੀਆਂ 'ਚ ਅਜਿਹਾ ਕਦਮ ਰੱਖਿਆ ਕਿ ਉਸ ਦੀ ਗ੍ਰਿਫਤਾਰੀ 'ਤੇ ਪੁਲਿਸ ਨੂੰ 25 ਹਜ਼ਾਰ ਰੁਪਏ ਦਾ ਇਨਾਮ ਰੱਖਣਾ ਪਿਆ। ਰਾਮਕਰਨ ਬੈਂਆਪੁਰ ਦੀ ਦੋਸਤੀ ਨੇ ਉਸ ਨੂੰ ਸਿਰਫ਼ 7 ਸਾਲਾਂ 'ਚ ਅਪਰਾਧ ਦੀ ਦੁਨੀਆਂ 'ਚ ਅਜਿਹੇ ਮੁਕਾਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਅਤੇ ਰਾਜਸਥਾਨ ਪੁਲਿਸ ਵੀ ਉਸ ਦੇ ਪਿੱਛੇ ਪੈ ਗਈ। ਹੁਣ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਿੰਡ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਪ੍ਰਿਅਵਰਤ ਕੁਸ਼ਤੀ ਦਾ ਬਿਹਤਰੀਨ ਪਹਿਲਵਾਨ ਸੀ। ਪਿਤਾ ਜੈ ਭਗਵਾਨ ਅਤੇ ਮਾਂ ਸੰਤੋਸ਼ ਨੂੰ ਉਸ ਤੋਂ ਬਹੁਤ ਉਮੀਦਾਂ ਸਨ। ਪਿੰਡ ਵਾਲਿਆਂ ਨੂੰ ਵੀ ਉਸ 'ਤੇ ਮਾਣ ਸੀ। ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਾਲ 2013 'ਚ ਉਸ ਦੀ ਫ਼ੌਜ 'ਚ ਚੋਣ ਹੋ ਗਈ ਸੀ। ਉਸ ਦੀ ਨਿਯੁਕਤੀ ਮਹਾਰਾਸ਼ਟਰ ਦੇ ਪੂਨਾ ਸਥਿੱਤ ਆਰਮੀ ਸਕੂਲ 'ਚ ਹੋਈ ਸੀ। ਪ੍ਰਿਅਵਰਤ ਨੇ ਆਰਮੀ ਸਕੂਲ 'ਚ ਪਹਿਲਵਾਨੀ ਸ਼ੁਰੂ ਕੀਤੀ। ਉਸ ਨੇ ਉੱਥੇ ਹੋਰਨਾਂ ਨੂੰ ਵੀ ਕੁਸ਼ਤੀ ਦੇ ਗੁਰ ਸਿਖਾਉਣੇ ਸ਼ੁਰੂ ਕਰ ਦਿੱਤੇ। ਉੱਥੋਂ ਉਸ ਨੇ 10ਵੀਂ ਜਮਾਤ ਵੀ ਪਾਸ ਕੀਤੀ।
ਕਾਂਸਟੇਬਲ ਦੇ ਅਹੁਦੇ 'ਤੇ ਰਹਿੰਦਿਆਂ ਉਸ ਨੇ ਫ਼ੌਜ ਦੇ ਕੁਸ਼ਤੀ ਮੁਕਾਬਲੇ 'ਚ ਸਾਲ 2015 'ਚ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਉਸ ਨੂੰ ਫ਼ੌਜ 'ਚ ਸੂਬੇਦਾਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਸੋਨ ਤਗਮਾ ਜਿੱਤਣ ਤੋਂ ਬਾਅਦ ਉਸ ਨੂੰ ਫ਼ੌਜ ਤੋਂ ਇਕ ਮਹੀਨੇ ਦੀ ਛੁੱਟੀ ਮਿਲ ਗਈ ਸੀ। ਫ਼ੌਜ 'ਚ ਸੋਨ ਤਗਮਾ ਜਿੱਤ ਕੇ ਸੂਬੇਦਾਰ ਬਣ ਕੇ ਪਿੰਡ ਪਰਤਣ ਵਾਲੇ ਪ੍ਰਿਅਵਰਤ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ।
ਜੁਲਾਈ 2015 'ਚ ਉਸ ਨੇ ਆਪਣੇ ਸਾਥੀਆਂ ਮਨਜੀਤ ਅਤੇ ਮੋਨੂੰ ਡਾਗਰ ਨਾਲ ਮਿਲ ਕੇ ਇਕ ਸ਼ਖ਼ਸ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਪ੍ਰਿਅਵਰਤ ਦੀ ਜ਼ਿੰਦਗੀ ਬਦਲ ਗਈ। ਇੱਕ ਵਧੀਆ ਪਹਿਲਵਾਨ ਅਤੇ ਫ਼ੌਜ ਦਾ ਸਿਪਾਹੀ ਜੁਰਮ ਦੀ ਦਲਦਲ 'ਚ ਚਲਾ ਗਿਆ। ਬਾਅਦ 'ਚ ਉਸ ਦੀ ਦੋਸਤੀ ਬਦਨਾਮ ਰਾਮਕਰਨ ਬੈਂਆਪੁਰ ਨਾਲ ਹੋ ਗਈ। ਇਸ ਤੋਂ ਬਾਅਦ ਪ੍ਰਿਅਵਰਤ ਨੇ ਅਪਰਾਧ ਦਾ ਰਾਹ ਇਸ ਤਰ੍ਹਾਂ ਫੜਿਆ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਹ ਰਾਮਕਰਨ ਗੈਂਗ ਦਾ ਸ਼ਾਰਪ-ਸ਼ੂਟਰ ਬਣ ਗਿਆ। ਉੱਥੋਂ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਰਾਜੂ ਬਸੌਦੀ ਅਤੇ ਕਾਲਾ ਜਠੇੜੀ ਦੇ ਸੰਪਰਕ 'ਚ ਵੀ ਆ ਗਿਆ। ਉਹ ਕਤਲ ਸਮੇਤ 12 ਅਪਰਾਧਿਕ ਮਾਮਲਿਆਂ 'ਚ ਨਾਮਜ਼ਦ ਹੈ। ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਉਸ ਦੀ ਭਾਲ ਕਰ ਰਹੀ ਸੀ। ਹੁਣ ਉਸ ਨੂੰ ਦਿੱਲੀ ਪੁਲਿਸ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੈਂਗਸਟਰ ਬਿੱਟੂ ਬਰੋਣਾ ਦੇ ਪਿਤਾ ਕ੍ਰਿਸ਼ਨ ਬਰੋਣਾ ਦੇ ਕਤਲ 'ਚ ਨਾਮ ਆਉਣ ਤੋਂ ਬਾਅਦ ਉਹ ਪਿੰਡ ਨਹੀਂ ਪਰਤਿਆ। ਪ੍ਰਿਅਵਰਤ ਦੀ ਮਾਂ ਸੰਤੋਸ਼ ਦੇਵੀ ਇਸ ਗੱਲ ਨੂੰ ਵਾਰ-ਵਾਰ ਦੁਹਰਾਉਂਦੀ ਹੈ ਕਿ ਅਪਰਾਧ ਦੀ ਦੁਨੀਆਂ ਛੱਡਣ ਲਈ ਉਸ ਨੂੰ ਕਿੰਨੀ ਵਾਰ ਸਮਝਾਇਆ, ਪਰ ਉਹ ਸਮਾਂ ਰਹਿੰਦਿਆਂ ਨਹੀਂ ਸਮਝ ਸਕਿਆ।
ਗੈਂਗਸਟਰ ਪ੍ਰਿਯਵਰਤ ਦੀ ਗ੍ਰਿਫ਼ਤਾਰੀ 'ਤੇ ਸੋਨੀਪਤ ਪੁਲਿਸ ਨੇ 25 ਹਜ਼ਾਰ ਦਾ ਇਨਾਮ ਐਲਾਨ ਕੀਤਾ ਸੀ। 3 ਜੂਨ ਨੂੰ ਕ੍ਰਿਸ਼ਨ ਬਰੋਣਾ ਦੇ ਕਤਲ ਲਈ ਉਸ 'ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।