ਅੰਮ੍ਰਿਤਸਰ: ਮਾਝੇ 'ਚ ਇੱਕ ਹੋਰ ਕਤਲ ਦੀ ਵਾਰਦਾਤ ਹੋਈ ਹੈ। ਪਿੰਡ ਵਰਪਾਲ ਵਿੱਚ ਬਲਕਾਰ ਸਿੰਘ ਨਾਮੀ ਸ਼ਖ਼ਸ ਦਾ ਕਤਲ ਕਰ ਦਿੱਤਾ ਗਿਆ। ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਮ੍ਰਿਤਕ ਦੀਆਂ ਲੱਤਾਂ ਟੁਕੜੇ-ਟੁਕੜੇ ਕਰ ਦਿੱਤੀਆਂ। ਬਲਕਾਰ ਸਿੰਘ ਆਪਣੇ ਸਹੁਰੇ ਘਰ ਹੀ ਰਹਿੰਦਾ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਨੂੰ ਸ਼ਮਸ਼ੇਰ ਸਿੰਘ ਤੇ ਸੀਤਾ ਨਾਮੀ ਬੰਦੇ ਬਲਕਾਰ ਸਿੰਘ ਨੂੰ ਬੁਲਾ ਕੇ ਲੈ ਕੇ ਗਏ ਸਨ। ਰਾਤ ਭਰ ਬਲਕਾਰ ਘਰ ਨਹੀਂ ਆਇਆ। ਸਵੇਰੇ ਲਾਸ਼ ਗੁਰਦਵਾਰੇ ਨਜ਼ਦੀਕ ਮਿਲੀ। ਲਾਸ਼ 'ਤੇ 15-20 ਕੱਟ ਵੱਡ ਦੇ ਨਿਸ਼ਾਨ ਸ਼ਨ।

ਬਲਕਾਰ ਸਿੰਘ ਆਪਣੇ ਸਹੁਰੇ ਪਿੰਡ ਰਹਿੰਦਾ ਸੀ ਕਿਉਂਕਿ ਉਸ ਦੀ ਪਤਨੀ ਦਾ ਭਰਾ ਨਹੀਂ ਸੀ। ਇਸ ਕਰਕੇ ਉਹ ਸਹੁਰੇ ਪਿੰਡ ਰਹਿ ਕੇ ਖੇਤੀਬਾੜੀ ਕਰਦਾ ਸੀ। ਬਲਕਾਰ ਨੂੰ ਘਰੋਂ ਬੁਲਾਉਣ ਵਾਲਾ ਸ਼ਮਸ਼ੇਰ ਸਿੰਘ ਪਿਛਲੇ ਮਹੀਨੇ ਹੀ ਕਤਲ ਕੇਸ ਵਿੱਚ ਸਜ਼ਾ ਭੁਗਤ ਕੇ ਜੇਲ੍ਹ ਤੋਂ ਬਾਹਰ ਆਇਆ ਸੀ।

ਯਾਦ ਰਹੇ ਕੁਝ ਦਿਨ ਪਹਿਲਾਂ ਫਤਹਿਗੜ੍ਹ ਚੂੜੀਆਂ ਨੇੜਲੇ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਅਕਾਲੀ ਲੀਡਰ ਸੀ ਜਿਸ ਕਰਕੇ ਅਕਾਲੀ ਦਲ ਇਸ ਨੂੰ ਸਿਆਸੀ ਰੰਜਿਸ਼ ਤਹਿਤ ਹੋਈ ਵਾਰਦਾਤ ਕਹਿ ਰਿਹਾ ਹੈ।

ਇਸ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਵਿੱਚ ਦਲਿਤ ਨੌਜਵਾਨ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਸ ਖਿਲਾਫ ਲੋਕ ਸੜਕਾਂ 'ਤੇ ਆ ਗਏ ਤੇ ਸਰਕਾਰ ਬੁਰੀ ਤਰ੍ਹਾਂ ਘਿਰ ਗਈ। ਪੰਜਾਬ ਵਿੱਚ ਰੋਜ਼ਾਨਾ ਵਾਪਰ ਰਹੀਆਂ ਹਿੰਸਕ ਘਟਨਾਵਾਂ ਕਰਕੇ ਕੈਪਟਨ ਸਰਕਾਰ ਉੱਪਰ ਸਵਾਲ ਉੱਠਣ ਲੱਗੇ ਹਨ।

ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਵਾਲਾ ਮਾਹੌਲ ਬਣ ਗਿਆ ਹੈ। ਸ਼ਰੇਆਮ ਕਤਲ ਹੋ ਰਹੇ ਹਨ। ਗੈਂਗਸਟਰ ਧਮਕੀਆਂ ਦੇ ਰਹਿ ਹਨ। ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਕਿਉਂਕਿ ਇਹ ਸਭ ਕਾਂਗਰਸੀ ਲੀਡਰਾਂ ਦੀ ਸ਼ਹਿ 'ਤੇ ਹੋ ਰਿਹਾ ਹੈ।