ਪਠਾਨਕੋਟ: ਪਿਛਲੇ ਕੁਝ ਦਿਨਾਂ 'ਚ ਹੀ ਪੰਜਾਬ 'ਚ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਤਾਜ਼ਾ ਮਾਮਲੇ 'ਚ ਪਠਾਨਕੋਟ ਦੇ ਪਿੰਡ ਕੋਤਰਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਨੇੜੇ ਹੀ ਝਾੜੀਆਂ 'ਚੋਂ ਬਰਾਮਦ ਕੀਤੀ ਗਈ ਹੈ। ਉਸ ਕੋਲ ਹੀ ਸਰਿੰਜ ਪਈ ਹੋਈ ਸੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਦੱਸ ਦਈਏ ਕਿ ਪਿਛਲੇ ਹਫਤੇ 'ਚ ਹੀ ਪੰਜਾਬ 'ਚ ਲਗਪਗ 10 ਨੌਜਵਾਨਾਂ ਦੀ ਮੌਤ ਨਸ਼ੇ ਦੀ ਵਾਧ-ਘਾਟ ਦੇ ਚੱਲਦਿਆਂ ਹੋਈ ਹੈ। ਪਰ ਸਰਕਾਰ ਇਸ ਮੁੱਦੇ 'ਤੇ ਅਜੇ ਵੀ ਗੰਭੀਰ ਹੁੰਦੀ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਹੱਥਾਂ 'ਚ ਫੜ੍ਹ ਸਹੁੰ ਚੁੱਕੀ ਸੀ ਕਿ ਉਹ 4 ਹਫਤਿਆਂ 'ਚ ਨਸ਼ੇ ਨੂੰ ਜੜ੍ਹੋਂ ਖਤਮ ਕਰ ਦੇਣਗੇ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਦੀ ਸਹੁੰ ਵੀ ਚੋਣ ਜਿੱਤਣ ਦਾ ਇਕ ਢਕਵੰਜ ਹੀ ਸਾਬਤ ਹੋਇਆ ਹੈ।