Punjab News: ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ। ਇਸ ਦੇ ਨਾਲ ਹੀ ਸੁਰੱਖਿਆ 'ਚ ਕਟੌਤੀ ਦੇ ਮੁੱਦੇ 'ਤੇ ਸਿੱਧੂ ਦਾ ਦਰਦ ਛਲਕਿਆ। ਸਿੱਧੂ ਨੇ ਕਿਹਾ ਕਿ ਮੇਰੀ ਸੁਰੱਖਿਆ ਘਟਾ ਦਿੱਤੀ ਗਈ ਹੈ। ਪਹਿਲਾਂ ਇੱਕ ਸਿੱਧੂ ਨੂੰ ਮਾਰਿਆ, ਹੁਣ ਦੂਜੇ ਨੂੰ ਵੀ ਮਾਰ ਦਿਓ। ਦੱਸ ਦੇਈਏ ਕਿ ਸ਼ਨੀਵਾਰ ਨੂੰ ਹੀ ਪੰਜਾਬ ਸਰਕਾਰ ਨੇ ਸਿੱਧੂ ਦੀ Z+ ਸੁਰੱਖਿਆ ਘਟਾ ਕੇ Y ਸੁਰੱਖਿਆ ਕਰ ਦਿੱਤੀ ਸੀ।
ਸਿੱਧੂ ਨੇ ਕਿਹਾ ਕਿ ਉਹ ਮੌਤ ਤੋਂ ਨਹੀਂ ਡਰਦੇ
ਆਪਣੀ ਸੁਰੱਖਿਆ 'ਚ ਕਟੌਤੀ 'ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ, 'ਮੈਂ ਸੰਵਿਧਾਨ ਨੂੰ ਆਪਣੀ ਕਿਤਾਬ ਮੰਨਦਾ ਹਾਂ, ਤਾਨਾਸ਼ਾਹੀ ਚੱਲ ਰਹੀ ਹੈ, ਜਿਹੜੀਆਂ ਸੰਸਥਾਵਾਂ ਸੰਵਿਧਾਨ ਦੀ ਤਾਕਤ ਸਨ, ਉਨ੍ਹਾਂ ਨੂੰ ਗੁਲਾਮ ਬਣਾਇਆ ਜਾ ਰਿਹੈ।' ਉਨ੍ਹਾਂ ਕਿਹਾ, 'ਮੈਂ ਘਬਰਾਉਂਦਾ ਨਹੀਂ ਤੇ ਨਾ ਹੀ ਮੌਤ ਤੋਂ ਡਰਦਾ ਹਾਂ। ਕਿਉਂਕਿ ਮੈਂ ਜੋ ਵੀ ਕਰ ਰਿਹਾ ਹਾਂ, ਪੰਜਾਬ ਦੀ ਅਗਲੀ ਪੀੜ੍ਹੀ ਲਈ ਕਰ ਰਿਹਾ ਹਾਂ।'
'ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਉਣਾ ਚਾਹੁੰਦੀ ਹੈ ਕੇਂਦਰ'
ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਅੱਜ ਲੋਕਤੰਤਰ ਬੰਧਨਾਂ 'ਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਪੰਜਾਬ ਦੇਸ਼ ਦੀ ਢਾਲ ਹੈ ਜਿਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਘੱਟ ਗਿਣਤੀਆਂ ਖਿਲਾਫ ਸਾਜ਼ਿਸ਼ ਰਚਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਮੱਸਿਆ ਪੈਦਾ ਕੀਤੀ ਜਾਂਦੀ ਹੈ। ਫਿਰ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਗਈ ਤਾਂ ਅਸੀਂ ਆਪ ਵੀ ਕਮਜ਼ੋਰ ਹੋ ਜਾਵਾਂਗੇ। ਪੰਜਾਬ ਨੂੰ ਕਮਜ਼ੋਰ ਕਰਕੇ ਕੋਈ ਵੀ ਸਰਕਾਰ ਮਜ਼ਬੂਤ ਨਹੀਂ ਬਣ ਸਕਦੀ। ਇਹੀ ਨਹੀਂ ਸਿੱਧੂ ਨੇ ਸੀ.ਐਮ ਮਾਨ ਨੂੰ ਅਖਬਾਰੀ ਮੁੱਖ ਮੰਤਰੀ ਕਹਿ ਕੇ ਨਿਸ਼ਾਨਾ ਬਣਾਇਆ ਹੈ।