ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਪੰਜਾਬ ਸਰਕਾਰ ਆਪਣੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਿਹਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਸਿਰ ਹੀ ਬੰਨ੍ਹ ਰਹੇ ਹਨ। ਇਸ ਗੱਲ ਦਾ ਖੁਲਾਸਾ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਤੋਂ ਹੀ ਰਿਹਾ ਹੈ। ਅੱਜਕਲ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਖਬਾਰਾਂ ਵਿੱਚ ਲੱਖਾਂ ਕਰੋੜਾਂ ਦੇ ਪੂਰੇ ਪੇਜ਼ ਇਸ਼ਤਿਹਾਰ ਦਿੱਤੇ ਜਾ ਰਹੇ ਹਨ।
ਅੱਜ ਹੀ ਕਈ ਅਖ਼ਬਾਰਾਂ ਵਿੱਚ ਪੂਰਾ ਪੇਜ਼ ਇਸ਼ਤਿਹਾਰ ਲੱਗਿਆ ਹੈ ਜਿਸ ਵਿੱਚ ਪੰਜਾਬ ਵਿੱਚ ਸਿਹਤ ਸੁਵਿਧਾਵਾਂ ਨੂੰ ਵਿਸ਼ਵ ਪੱਧਰੀ ਕਰਾਰ ਦਿੱਤਾ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਵਿਭਾਗ ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਵਿੱਚ ਭਾਜਪਾ ਦੇ ਹਿੱਸੇ ਆਉਂਦਾ ਹੈ। ਭਾਜਪਾ ਕੋਟੇ ਦੇ ਫਾਜ਼ਿਲਕਾ ਤੋਂ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਪੰਜਾਬ ਕੈਬਨਿਟ ਵਿੱਚ ਸਿਹਤ ਵਿਭਾਗ ਦੇ ਮੰਤਰੀ ਹਨ। ਪੂਰੇ ਇਸ਼ਤਿਹਾਰ ਵਿੱਚ ਜਿਆਣੀ ਦੀ ਫੋਟੋ ਵੀ ਨਹੀਂ ਲੱਗੀ। ਇਸ ਇਸ਼ਤਿਹਾਰ ਵਿੱਚ ਸਿਰਫ ਮੁੱਖਮੰ ਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਹੈ। ਇਸ ਇਸ਼ਤਿਹਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਨਾਲ ਸਰਕਾਰ ਵੱਲੋਂ ਆਪਣੀਆਂ ਪਹਿਲਕਦਮੀਆਂ ਗਿਣਵਾਈਆਂ ਗਈਆਂ ਹਨ।
ਦੱਸਣਯੋਗ ਹੈ ਕਿ 22 ਅਗਸਤ ਨੂੰ ਵੀ ਪੰਜਾਬ ਸਰਕਾਰ ਵੱਲੋਂ ਪੂਰਾ ਪੇਜ਼ ਇਸ਼ਤਿਹਾਰ ਸਾਰੇ ਅਖ਼ਬਾਰਾਂ ਵਿੱਚ ਦਿੱਤਾ ਗਿਆ ਸੀ। ਇਸ ਵਿੱਚ ਪੰਜਾਬ ਦੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਪਹਿਲ ਕਦਮੀਆਂ ਗਿਣਵਾਈਆਂ ਗਈਆਂ ਸਨ। ਇਸ ਵਿੱਚ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੋਟੋ ਲੱਗੀ ਸੀ ਜਿਨ੍ਹਾਂ ਕੋਲ ਹੀ ਸ਼ਹਿਰੀ ਵਿਕਾਸ ਵਿਭਾਗ ਹੈ। ਇਨ੍ਹਾਂ ਦੋਹਾਂ ਇਸ਼ਤਿਹਾਰਾਂ ਤੋਂ ਸਾਫ ਜਾਹਿਰ ਹੋ ਗਿਆ ਹੈ ਕਿ ਪੰਜਾਬ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਹੈ ਪਰ ਫਿਰ ਵੀ ਸਰਕਾਰ ਦੇ 9 ਸਾਲਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਬਾਦਲ ਪਰਿਵਾਰ ਆਪਣੇ ਸਿਰ ਬਣ ਰਿਹਾ ਹੈ।
ਕਾਬਲੇਗੌਰ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਗੱਠਜੋੜ ਦੀ ਸਰਕਾਰ ਵਿੱਚ ਅਕਾਲੀ ਦਲ ਭਾਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ। ਭਾਜਪਾ ਦੇ ਮੰਤਰੀਆਂ ਨੇ ਵੀ ਇਸ ਮੁੱਦੇ ਨੂੰ ਹਾਈਕਮਾਨ ਸਾਹਮਣੇ ਚੁੱਕਿਆ ਸੀ। ਫਿਰ ਵੀ ਅਕਾਲੀ ਦਲ ਹਮੇਸ਼ਾ ਭਾਜਪਾ 'ਤੇ ਭਾਰੂ ਰਿਹਾ ਹੈ।