ਮੋਗਾ: ਬੀਜੇਪੀ ਵਿੱਚ ਸ਼ਾਮਲ ਹੁੰਦਿਆਂ ਹੀ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਆਮ ਆਦਮੀਂ ਪਾਰਟੀ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਤਰੇ ਵਿੱਚ ਹੈ ਤੇ ਸਿਰਫ਼ ਭਾਜਪਾ ਸਰਕਾਰ ਹੀ ਪੰਜਾਬ ਦਾ ਭਲਾ ਤੇ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨਰਿੰਦਰ ਮੰਤਰੀ ਮੋਦੀ ਪੰਜਾਬ ਦਾ ਭਲਾ ਚਾਹੁੰਦੇ ਹਨ।

ਜਾਖੜ ਨੇ ‘ਆਪ’ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਸਤੀ ਸ਼ਰਾਬ ਵੇਚ ਕੇ ਪੰਜਾਬ ਨੂੰ ਨਹੀਂ ਚਲਾਇਆ ਜਾ ਸਕਦਾ। ਇੱਥੇ ਸਨਅਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇੰਨੀ ਵੱਡੀ ਰਕਮ ਕਿੱਥੋਂ ਆਵੇਗੀ? ਉਨ੍ਹਾਂ ਕਿਹਾ ਕਿ ਲਾਰਿਆਂ ਨਾਲ ਕੰਮ ਨਹੀਂ ਚੱਲ ਸਕਦੇ।

ਸੂਬੇ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਵੀ ਚੁੱਕੇ ਹਨ ਕਿ ਪਾਣੀ ਸਿਰ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਚਿੱਟੇ ਨਾਲ ਨੌਜਵਾਨ ਵਰਗ ਦਾ ਘਾਣ ਕੀਤਾ ਹੈ। ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਤਾਂ ਆਪਣੀ ਹੋਂਦ ਬਚਾਉਣ ਲਈ ਲੜ ਰਹੀ ਹੈ।

ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਰਲਾਉਣ ਮਗਰੋਂ ਬੀਜੇਪੀ ਦੇ ਹੌਸਲੇ ਬੁਲੰਦ

ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਇੱਕ ਵਾਰ ਫਿਰ ਸਰਗਰਮ ਹੋ ਗਈ ਹੈ। ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨੂੰ ਆਪਣੇ ਵਿੱਚ ਰਲਾਉਣ ਮਗਰੋਂ ਬੀਜੇਪੀ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪਾਰਟੀ ਦੇ ਵਰਕਰ ਅੱਜ ਜਲੰਧਰ 'ਚ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ।

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪੁਤਲਾ ਵੀ ਫੂਕਣਗੇ। ਜਲੰਧਰ ਸ਼ਹਿਰੀ ਭਾਜਪਾ ਦੇ ਮੀਡੀਆ ਇੰਚਾਰਜ ਅਮਿਤ ਭਾਟੀਆ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਲਾਰਾ ਲੱਥ ਗਿਆ ਹੈ। ਦਿਨ-ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਤਲ ਹੋ ਰਹੇ ਹਨ।