ਚੰਡੀਗੜ੍ਹ: ਚੰਡੀਗੜ੍ਹ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਚੰਡੀਗੜ੍ਹ ਸਿਰਫ਼ ਪੰਜਾਬ ਦਾ ਅਧਿਕਾਰ ਖੇਤਰ ਹੈ, ਇਸ ਲਈ ਹਰਿਆਣਾ ਨੂੰ ਕਿਸੇ ਵੀ ਕੀਮਤ 'ਤੇ ਚੰਡੀਗੜ੍ਹ ਵਿਚ ਆਪਣੀ ਵੱਖਰੀ ਵਿਧਾਨ ਸਭਾ ਨਹੀਂ ਬਨਾਉਣ ਦਿੱਤੀ ਜਾਵੇਗੀ।


 ਸੋਮਵਾਰ ਨੂੰ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾਂ ਅੰਗ ਹੈ ਅਤੇ ਹਮੇਸ਼ਾ ਰਹੇਗਾ। ਪੰਜਾਬ ਦੇ ਦਰਜਨਾਂ ਪਿੰਡਾਂ ਦੀ ਜ਼ਮੀਨ 'ਤੇ ਚੰਡੀਗੜ੍ਹ ਵੱਸਿਆ ਹੋਇਆ ਹੈ। ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਦੇ ਪ੍ਰਸਤਾਵ ਦਾ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੇ ਸਖ਼ਤ ਵਿਰੋਧ ਕੀਤਾ ਹੈ।


 ਕੰਗ ਨੇ ਟਵੀਟ 'ਚ ਲਿਖਿਆ, "ਹਰਿਆਣਾ ਸਰਕਾਰ ਨੇ ਆਪਣੀ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਜ਼ਮੀਨ ਮੰਗੀ ਹੈ।ਜ਼ਮੀਨ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਹਰਿਆਣਾ ਨੂੰ ਚੰਡੀਗੜ੍ਹ ਦੀ ਇਕ ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ। ਹਰਿਆਣਾ ਪੰਚਕੂਲਾ, ਕਰਨਾਲ ਜਾਂ ਕਿਸੇ ਹੋਰ ਥਾਂ ਆਪਣੀ ਵਿਧਾਨ ਸਭਾ ਬਣਾ ਲਵੇ, ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ ਹੈ।"