ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਬਾਅਦ ਇੱਕ ਹੋਰ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਾਫੀ ਖਫਾ ਹੈ। ਹੁਣ ਓਪੀ ਸੋਨੀ ਨੇ ਵੀ ਸਿੱਧੂ ਦੀ ਤਰਜ਼ 'ਤੇ ਆਪਣਾ ਵਿਭਾਗ ਬਦਲੇ ਜਾਣ ਬਾਅਦ ਨਵੇਂ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲਿਆ। ਮੰਨਿਆ ਜਾ ਰਿਹਾ ਹੈ ਕਿ ਉਹ ਕੈਪਟਨ 'ਤੇ ਦਬਾਅ ਬਣਾ ਰਹੇ ਹਨ। ਉਂਝ ਸੋਨੀ ਨੇ ਕੈਪਟਨ ਦੀ ਬਜਾਏ ਅਫਸਰਸ਼ਾਹੀ ਖਿਲਾਫ ਮੋਰਚਾ ਖੋਲ੍ਹਿਆ ਹੈ।
ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇ ਦਿੱਤਾ ਗਿਆ ਪਰ ਉਨ੍ਹਾਂ ਹੁਣ ਤਕ ਨਵੇਂ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲਿਆ। ਇਸ ਮਸਲੇ 'ਤੇ ਰੋਜ਼ ਚਰਚਾ ਹੁੰਦੀ ਹੈ ਪਰ ਓਪੀ ਸੋਨੀ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕੋਲੋਂ ਸਿੱਖਿਆ ਵਿਭਾਗ ਖੋਹ ਕੇ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਵਿਭਾਗ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲੋਂ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਲੈ ਕੇ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਸੀ, ਉਨ੍ਹਾਂ ਦੇ ਅਧੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਉਂਦਾ ਹੈ।
ਪਿਛਲੇ ਇੱਕ ਸਾਲ ਵਿੱਚ ਸੋਨੀ ਦਾ ਮਹਿਕਮਾ ਦੋ ਵਾਰ ਬਦਲਿਆ ਗਿਆ ਜਿਸ ਕਰਕੇ ਉਹ ਖ਼ਾਸੇ ਨਾਰਾਜ਼ ਹਨ। ਉਨ੍ਹਾਂ ਹੁਣ ਆਪਣੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ। ਹਾਲਾਂਕਿ ਸੂਤਰਾਂ ਮੁਤਾਬਕ ਉਨ੍ਹਾਂ ਗੈਰ ਰਸਮੀ ਤੌਰ 'ਤੇ ਮਹਿਕਮੇ ਦੇ ਸਕੱਤਰ ਸਤੀਸ਼ ਚੰਦਾ ਨਾਲ ਮੀਟਿੰਗ ਕਰ ਲਈ ਹੈ ਪਰ ਹਾਲੇ ਤਕ ਮਹਿਕਮੇ ਦੀਆਂ ਫਾਈਲਾਂ 'ਤੇ ਹਸਤਾਖ਼ਰ ਕਰਨੇ ਸ਼ੁਰੂ ਨਹੀਂ ਕੀਤੇ।
ਦੱਸਿਆ ਜਾ ਰਿਹਾ ਹੈ ਕਿ ਸੋਨੀ ਇਸ ਗੱਲ ਲਈ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਜਾਏ ਜਾਂ ਫਿਰ ਮੈਡੀਕਲ ਸਿੱਖਿਆ ਨਾਲ ਸਿਹਤ ਵਿਭਾਗ ਵੀ ਦਿੱਤਾ ਜਾਏ, ਜਿਵੇਂ ਪਹਿਲਾਂ ਬ੍ਰਹਮ ਮਹਿੰਦਰਾ ਕੋਲ ਸੀ। ਉਨ੍ਹਾਂ ਇਹ ਦਲੀਲ ਵੀ ਦਿੱਤੀ ਹੈ ਕਿ ਸਿਹਤ ਤੇ ਮੈਡੀਕਲ ਸਿੱਖਿਆ ਇੱਕ ਹੀ ਮੰਤਰੀ ਕੋਲ ਹੋਣਾ ਚਾਹੀਦਾ ਹੈ, ਕਿਉਂਕਿ ਦੋਵੇਂ ਮਹਿਕਮੇ ਇੱਕ ਦੂਜੇ ਦੇ ਪੂਰਕ ਹਨ।
ਹੁਣ ਓਪੀ ਸੋਨੀ ਵੀ ਚੱਲੇ ਸਿੱਧੂ ਦੇ ਰਾਹ! ਵੱਡੇ ਮੰਤਰਾਲੇ 'ਤੇ ਅੱਖ
ਏਬੀਪੀ ਸਾਂਝਾ
Updated at:
18 Jun 2019 02:18 PM (IST)
ਸੋਨੀ ਇਸ ਗੱਲ ਲਈ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਜਾਏ ਜਾਂ ਫਿਰ ਮੈਡੀਕਲ ਸਿੱਖਿਆ ਨਾਲ ਸਿਹਤ ਵਿਭਾਗ ਵੀ ਦਿੱਤਾ ਜਾਏ, ਜਿਵੇਂ ਪਹਿਲਾਂ ਬ੍ਰਹਮ ਮਹਿੰਦਰਾ ਕੋਲ ਸੀ।
- - - - - - - - - Advertisement - - - - - - - - -