ਚੰਡੀਗੜ੍ਹ: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਹਨ, ਜਿਸ ਕਾਰਨ ਪੰਜਾਬ ਦੀ ਸਿਆਸਤ ਵੀ ਸਿੱਖਰਾਂ 'ਤੇ ਹੈ। ਤਮਾਮ ਸਿਆਸਤਦਾਨ ਚੋਣਾਂ ਲਈ ਜ਼ੋਰ ਲਾਉਣਾ ਸ਼ੁਰੂ ਹੋ ਗਏ ਹਨ। ਕਾਂਗਰਸ, ਅਕਾਲੀ ਦਲ ਤੇ ਆਪ ਤਕਰੀਬਨ ਸਾਰੀਆਂ ਪਾਰਟੀਆਂ ਨੇ ਚੋਣਾਵੀ ਬਿਗਲ ਵਜਾ ਦਿੱਤਾ ਹੈ। ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਐਲਾਨ ਵੀ ਕਰ ਰਹੇ ਹਨ। ਇਸ ਵਿਚਾਲੇ ਚਰਚਾ ਸੀ ਕਿ ਕਈ ਵਿਧਾਇਕ ਕਾਂਗਰਸ ਛੱਡ ਰਹੇ ਹਨ ਪਰ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਇਸ ਚਰਚਾ ਨੂੰ ਰੋਕ ਲਾਈ ਹੈ।
ਏਬੀਪੀ ਸਾਂਝਾ ਨਾਲ ਗੱਲਬਾਤ ਕਰਦੇ ਹੋਏ ਸੋਨੀ ਨੇ ਕਿਹਾ, "ਕਾਂਗਰਸ ਦਾ ਪਤਾ ਨਹੀਂ ਪਰ ਬਹੁਤ ਸਾਰੇ ਆਪ ਦੇ ਵਿਧਾਇਕ ਜ਼ਰੂਰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਹਨ, ਬਹੁਤ ਸਾਰੇ ਤਾਂ ਸ਼ਾਮਲ ਹੋ ਵੀ ਗਏ ਹਨ।" ਆਪਣੇ ਦੋ ਰੋਜ਼ਾ ਦੌਰੇ 'ਤੇ ਪੰਜਾਬ ਆਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਦੇ ਸੋਨੀ ਨੇ ਕਿਹਾ, "ਕੇਜਰੀਵਾਲ ਸਿਰਫ ਗੱਲਾਂ ਕਰਨੀਆਂ ਜਾਣਦਾ ਹੈ ਪਰ ਚੰਨੀ ਸਾਬ ਲੋਕਾਂ ਦਾ ਕੰਮ ਕਰ ਰਹੇ ਹਨ।"
ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਅਸਿੱਧੇ ਤੌਰ 'ਤੇ ਨਕਲੀ ਕੇਜਰੀਵਾਲ ਕਹਿਣ ਤੇ ਬੋਲਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ, "ਚੰਨੀ ਸਾਬ ਆਮ ਨਾਗਰਿਕ ਹਨ ਤੇ ਉਹ ਸਭ ਨੂੰ ਮਿਲਦੇ ਹਨ।ਉਹ ਹਮੇਸ਼ਾ ਆਪਣੇ ਆਪ ਨੂੰ ਚਰਨਜੀਤ ਚੰਨੀ ਕਹਿ ਕੇ ਸੰਬੋਧਿਤ ਕਰਦੇ ਹਨ।ਕੇਜਰੀਵਾਲ ਨਾਲ ਉਨ੍ਹਾਂ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ।"
ਇਸ ਤੋਂ ਇਲਾਵਾ ਰਾਜਾ ਵੜਿੰਗ ਨੂੰ ਕੋਰਟ ਦੇ ਨੋਟਿਸ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ।ਅਦਾਲਤ ਆਪਣਾ ਕੰਮ ਕਰੇਗੀ ਜੇ ਨੋਟਿਸ ਆਇਆ ਹੈ ਤਾਂ ਉਸਦਾ ਜਵਾਬ ਦੇ ਦਿੱਤਾ ਜਾਏਗਾ।