Punjab News: ਸਾਕਾ ਨੀਲਾ ਤਾਰਾ ਦੀ ਬਰਸੀ ਤੋਂ ਪਹਿਲਾਂ ਇੱਕ ਵਾਰ ਫਿਰ ਪੰਜਾਬ 'ਚ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਵਾਰ ਫਿਰ ਖਾਲਿਸਤਾਨੀ ਪੋਸਟਰ ਲੱਗੇ ਮਿਲੇ ਹਨ । ਗੁਰਦਾਸਪੁਰ ਦੇ ਕਲਾਨੌਰ ਇਲਾਕੇ 'ਚ ਖਾਲਿਸਤਾਨੀ ਪੋਸਟਰ ਲੱਗੇ ਮਿਲੇ ਹਨ। ਜਿਸ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਦੂਜੇ ਪਾਸੇ ਕੁਝ ਗਰਮ ਖਿਆਲੀ ਜਥੇਬੰਦੀਆਂ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਦੁਕਾਨਾਂ ਦੀਆਂ ਕੰਧਾਂ ਅਤੇ ਸ਼ਟਰਾਂ 'ਤੇ ਪੋਸਟਰ ਵੀ ਚਿਪਕਾਏ ਹਨ।


ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਕਲਾਨੌਰ ਵਿੱਚ ਕੁਝ ਥਾਵਾਂ ’ਤੇ ਇਹ ਪੋਸਟਰ ਲਾਏ ਹਨ। ਪੋਸਟਰ 'ਤੇ ਭਿੰਡਰਾਂਵਾਲਾ ਦੇ ਨਾਂ ਦੇ ਨਾਲ ਹੀ ਲਿਖਿਆ ਹੈ ਕਿ ਪੰਜਾਬ ਦਾ ਅਸਲੀ ਹੱਕਦਾਰ ਖਾਲਿਸਤਾਨ ਅਤੇ ਹਿੰਦੁਸਤਾਨ ਮੁਰਦਾਬਾਦ ਹੈ ।ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਐਲਾਨ 


ਦੱਸ ਦੇਈਏ ਕਿ ਤਿੰਨ ਦਿਨ ਬਾਅਦ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਹੈ। ਇਸ ਨੂੰ ਲੈ ਕੇ ਮਾਹੌਲ ਪਹਿਲਾਂ ਹੀ ਤਣਾਅਪੂਰਨ ਬਣਿਆ ਹੋਇਆ ਹੈ। ਅਜਿਹੇ 'ਚ ਕੱਟੜਪੰਥੀ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦੇ ਪੋਸਟਰ ਸ਼ਹਿਰ ਦੀਆਂ ਕੰਧਾਂ 'ਤੇ ਲਗਾਏ ਜਾ ਰਹੇ ਹਨ, ਇੱਥੋਂ ਤੱਕ ਕਿ ਬੱਸਾਂ ਅਤੇ ਚਾਰ ਪਹੀਆ ਵਾਹਨਾਂ 'ਤੇ ਵੀ ਪੋਸਟਰ ਚਿਪਕਾਏ ਗਏ ਹਨ। ਇਨ੍ਹਾਂ ਪੋਸਟਰਾਂ ਰਾਹੀਂ 5 ਜੂਨ ਨੂੰ ਅੰਮ੍ਰਿਤਸਰ ਵਿੱਚ ਆਜ਼ਾਦੀ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਜਦਕਿ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਫੈਸਲਾ ਲਿਆ ਗਿਆ ਹੈ। ਬਰਸੀ ਦੇ ਮੱਦੇਨਜ਼ਰ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ। ਹਰ ਪਾਸੇ ਨਿਗਰਾਨੀ ਰੱਖੀ ਜਾ ਰਹੀ ਹੈ । ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਰ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।