ਅੰਮ੍ਰਿਤਸਰ: ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਹਾਲ ਹੀ 'ਚ ਸਖਤ ਫੈਸਲਾ ਲਿਆ ਹੈ। ਇਸ ਤਹਿਤ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਹੀ ਰੋਕ ਦਿੱਤੀਆਂ ਜਾਣਗੀਆਂ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਸੂਚੀਆਂ ਤਿਆਰ ਕਰਨ ਦੇ ਹੁਕਮ ਜ਼ਿਲ੍ਹੇ ਦੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਦਿੱਤੇ।



'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਫੈਸਲਾ ਇਸ ਕਰਕੇ ਲਿਆ ਕਿਉਂਕਿ ਕੋਰੋਨਾ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਸਿਰਫ ਵੈਕਸੀਨੇਸ਼ਨ ਹੈ। ਹਾਲੇ ਕਈ ਸਰਕਾਰੀ ਮੁਲਾਜ਼ਮ ਅਜਿਹੇ ਹਨ ਜੋ ਵੈਕਸੀਨੇਸ਼ਨ ਨਹੀਂ ਕਰਵਾ ਰਹੇ ਜਦੋਂ ਕਿ ਉਨ੍ਹਾਂ ਦਾ ਕੰਮ ਪਬਲਿਕ ਡੀਲਿੰਗ ਦਾ ਹੈ।

ਖਹਿਰਾ ਨੇ ਦੱਸਿਆ ਕਿ ਦੂਜਾ ਵੱਡਾ ਕਾਰਨ ਇਹ ਹੈ ਕਿ ਪੰਜਾਬ 'ਚ ਚੋਣਾਂ ਸਿਰ 'ਤੇ ਖੜ੍ਹੀਆਂ ਹਨ। ਚੋਣ ਕਮਿਸ਼ਨ ਦੀਆਂ ਸਾਫ ਹਦਾਇਤਾਂ ਹਨ ਕਿ ਚੋਣਾਂ 'ਚ ਉਹੀ ਸਰਕਾਰੀ ਮੁਲਾਜ਼ਮ ਡਿਊਟੀ ਕਰ ਸਕੇਗਾ, ਜਿਸ ਨੇ ਵੈਕਸੀਨੇਸ਼ਨ ਪੂਰੀ ਕਰਵਾਈ ਹੋਵੇਗੀ। ਇਸ ਲਈ ਹੁਣ ਹਰੇਕ ਵਿਭਾਗ ਕੋਲੋਂ ਸੂਚੀਆਂ ਬਣਵਾਈਆਂ ਜਾ ਰਹੀਆਂ ਹਨ ਤੇ ਖਜਾਨਾ ਦਫਤਰ ਨੂੰ ਵੀ ਕਹਿ ਦਿੱਤਾ ਜਾਵੇਗਾ।

ਡੀਸੀ ਨੇ ਦੱਸਿਆ ਕਿ ਜ਼ਿਲ੍ਹੇ 'ਚ 70 ਫੀਸਦੀ ਲੋਕਾਂ ਨੂੰ ਸਿੰਗਲ ਡੋਜ ਤੇ 28 ਫੀਸਦੀ ਨੂੰ ਡਬਲ ਡੋਜ਼ ਲੱਗ ਚੁੱਕੀ ਹੈ। ਹਾਲੇ ਵੀ ਸਿਹਤ ਵਿਭਾਗ ਵੱਲੋਂ ਟੀਮਾਂ ਬਣਾ ਕੇ, ਕੈਂਪ ਲਗਾ ਕੇ ਵੈਕਸੀਨੇਸ਼ਨ ਪੂਰੀ ਦਾ ਕੰਮ ਤੇਜੀ ਨਾਲ ਜਾਰੀ ਹੈ।


 


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ