ਅੰਮ੍ਰਿਤਸਰ: ਅੱਜ ਜਲਾਲਾਬਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਫਲੇ 'ਤੇ ਹੋਈ ਫਾਈਰਿੰਗ ਦੀ ਅਕਾਲੀ ਦਲ ਨੇ ਸਖ਼ਤ ਨਿਖੇਧੀ ਕੀਤੀ ਹੈ। ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮ ਮਜੀਠੀਆ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕੈਪਟਨ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇ ਜ਼ੈੱਡ ਪਲੱਸ ਸੁਰੱਖਿਆ ਪ੍ਰਾਪਤ ਸੁਖਬੀਰ ਬਾਦਲ ਤੇ ਗੋਲੀਆਂ ਚੱਲ ਸਕਦੀਆਂ ਹਨ ਤਾਂ ਫੇਰ ਆਮ ਆਦਮੀ ਰਾਜ ਵਿੱਚ ਕਿਵੇਂ ਸੁਰੱਖਿਅਤ ਹੈ?


ਮਜੀਠੀਆ ਨੇ ਦੋਸ਼ ਲਾਉਂਦੇ ਹੋਏ ਕਿਹਾ, "ਗ੍ਰਹਿ ਮੰਤਰਾਲੇ ਤਾਂ ਕੈਪਟਨ ਅਮਰਿੰਦਰ ਕੋਲ ਹੈ ਜੋ ਢੇਡ ਸਾਲ ਤੋਂ ਘਰ ਹੀ ਬੈਠੇ ਹਨ ਇਸੇ ਲਈ ਸੂਬੇ 'ਚ ਕਾਨੂੰਨ ਵਿਵਸਥਾ ਦਾ ਇਹ ਹਾਲ ਹੋ ਗਿਆ ਹੈ।" ਉਨ੍ਹਾਂ ਕਿਹਾ, "ਕਾਂਗਰਸ ਚੋਣਾਂ ਤੋਂ ਭੱਜ ਰਹੀ ਹੈ ਕਿਉਂਕਿ ਇਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਇਸ ਲਈ ਹੁਣ ਕਾਂਗਰਸ ਚਾਹੁੰਦੀ ਹੈ ਕਿ ਲੋਕਾਂ ਨੂੰ ਡਰਾ ਧਮਕਾ ਕੇ ਚੋਣ ਜਿੱਤ ਲਈ ਜਾਵੇ।"

ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ, "ਇਸ ਹਮਲੇ ਦੀ ਪਹਿਲਾਂ ਤੋਂ ਹੀ ਤਿਆਰੀ ਸੀ।ਪੈਟਰੋਲ ਬੰਬ ਤਕ ਰੱਖੇ ਗਏ ਸੀ। ਕੈਪਟਨ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜੇ ਡੀਸੀ ਤੇ ਐਸਡੀਐਮ ਦੇ ਦਫ਼ਤਰ ਵਿੱਚ ਹੀ ਅਜਿਹੇ ਹਲਾਤ ਹਨ ਤਾਂ ਚੋਣਾਂ ਕਿਵੇਂ ਸ਼ਾਂਤੀਪੂਰਨ ਹੋ ਸਕਣਗੀਆਂ। ਜੇ ਚੋਣ ਕਮਿਸ਼ਨ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਤਾਂ ਚੋਣਾਂ ਨਿਰਪੱਖ ਢੰਗ ਨਾਲ ਨਹੀਂ ਹੋ ਸਕਣਗੀਆਂ।" ਮਜੀਠੀਆ ਨੇ ਇਹ ਵੀ ਕਿਹਾ, "ਆਲ ਪਾਰਟੀ ਮੀਟਿੰਗ ਬੀਜੇਪੀ ਨੂੰ ਖੁਸ਼ ਕਰਨ ਲਈ ਬੁਲਾਈ ਗਈ ਹੈ।ਕਾਂਗਰਸ ਭਾਜਪਾ ਦੇ ਇਸ਼ਾਰੇ ਤੇ ਹੀ ਸਭ ਕਰ ਰਹੀ ਹੈ।"