ਜਲੰਧਰ ਦੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਐਤਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਕਸੀਜਨ ਪਲਾਂਟ ਤੋਂ 35 ਮਿੰਟ ਲਈ ਸਪਲਾਈ ਰੁਕਣ ਕਾਰਨ ICU ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਰਕੇ ਨੁਕਸਾਨ ਹੋਇਆ, ਜਿਨ੍ਹਾਂ ਵਿੱਚੋਂ 2 ਦੀ ਜਾਨ ਬਚਾ ਲਈ ਗਈ। ਇਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। ਇਨ੍ਹਾਂ ਮੌਤਾਂ ਨੂੰ ਹੁਣ ਸੁਖਬੀਰ ਬਾਦਲ ਨੇ ਕਤਲ ਕਰਾਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ‘ਚ ਆਕਸੀਜਨ ਸਪਲਾਈ ਇੱਕ ਘੰਟੇ ਲਈ ਰੁਕ ਜਾਣ ਕਾਰਨ ਵੈਂਟੀਲੇਟਰ ‘ਤੇ ਪਏ ਤਿੰਨ ਮਰੀਜ਼ਾਂ, ਜਿਨ੍ਹਾਂ ਵਿੱਚ ਇੱਕ 15 ਸਾਲਾ ਨੌਜਵਾਨ ਵੀ ਸੀ, ਦੀ ਦਰਦਨਾਕ ਮੌਤ ਹੋ ਗਈ । ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ਼ਤਿਹਾਰੀ ‘ਸਿਹਤ ਕ੍ਰਾਂਤੀ’ ਦੀ ਅਤੇ ਬੁਨਿਆਦੀ ਸਹੂਲਤਾਂ ਪ੍ਰਤੀ ਬੇਹੱਦ ਲਾਪਰਵਾਹ ਰਵੱਈਏ ਦੀ ਇੱਕ ਹੋਰ ਭਿਆਨਕ ਉਦਾਹਰਨ ਹੈ ।
ਬਾਦਲ ਨੇ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ ਕਿ ਜਦ ਮਰੀਜ਼ ਵੈਂਟੀਲੇਟਰ ‘ਤੇ ਸਨ ਤਾਂ ਆਕਸੀਜਨ ਸਪਲਾਈ ਫੇਲ੍ਹ ਹੋ ਗਈ । ਪੀੜਤ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ, ਜਿਨ੍ਹਾਂ ਲਈ ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਅਤੇ ਅਸਹਿਣਯੋਗ ਹੈ ।
ਇਹ ਸਿੱਧੇ ਤੌਰ ‘ਤੇ ਕਤਲ ਹਨ ਅਤੇ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ, ਜਿਸ ਨੇ ਪੰਜਾਬ ਵਿੱਚ ਆਪਣੇ “ਦਿੱਲੀ ਸਿਹਤ ਮਾਡਲ” ਦੇ ਵਾਅਦੇ ਕੀਤੇ ਸਨ, ਨੂੰ ਇਸਦਾ ਜਵਾਬ ਦੇਣਾ ਪਵੇਗਾ। ਇਹ ਹਾਦਸਾ ਓਦੋਂ ਵਾਪਰਿਆ ਜਦੋਂ ਬੇਰਹਿਮ ਆਪ ਸਰਕਾਰ ਪੰਜਾਬ ਦੇ ਪੈਸੇ ਨਾਲ ਗ਼ੈਰ-ਪੰਜਾਬੀਆਂ ਦੀ ਪਰਚਾਰ ਮੁਹਿੰਮ ਚਲਾਉਣ ‘ਚ ਲੱਗੀ ਹੋਈ ਹੈ ।
ਬਾਦਲ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਅਤਿ ਜ਼ਰੂਰੀ ਸਿਹਤ ਸਹੂਲਤਾਂ ਲਈ ਲੋੜੀਂਦੀ ਰਕਮ ਪੰਜਾਬ ਅਤੇ ਪੰਜਾਬ ਤੋਂ ਬਾਹਰ ਪਾਰਟੀ ਦੀ ਝੂਠੀ ਪ੍ਰਚਾਰਬਾਜ਼ੀ ‘ਤੇ ਖ਼ਰਚੀ ਜਾ ਰਹੀ ਹੈ !!