ਅਟਾਰੀ: ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ 130 ਸਿੱਖ ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ 'ਤੇ ਫਸੇ ਪਏ ਹਨ। ਬੇਸ਼ੱਕ ਸ਼ਰਧਾਲੂਆਂ ਕੋਲ ਅਧਿਕਾਰਤ ਵੀਜ਼ਾ ਹਨ ਪਰ ਉਨ੍ਹਾਂ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਵਿਸ਼ੇਸ਼ ਆਗਿਆ ਨਹੀਂ ਮਿਲੀ, ਇਸ ਕਾਰਨ ਉਨ੍ਹਾਂ ਨੂੰ ਉੱਥੇ ਰੋਕਿਆ ਗਿਆ ਹੈ।

ਸ਼ਰਧਾਲੂਆਂ ਵਿੱਚ ਜ਼ਿਆਦਾਤਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਬਜ਼ੁਰਗ ਸ਼ਾਮਲ ਹਨ। ਸ਼ਰਧਾਲੂਆਂ ਨੂੰ ਪਾਕਿਸਤਾਨ ਲਿਜਾਣ ਲਈ ਵਿਸ਼ੇਸ਼ ਰੇਲ ਨੂੰ ਵੀ ਭਾਰਤ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਇਹ ਟ੍ਰੇਨ ਵਾਹਗਾ ਵਿੱਚ ਰੋਕੀ ਗਈ ਹੈ। ਸਰਕਾਰੀ ਵਿਭਾਗਾਂ ਦੀ ਆਪਸ ਵਿੱਚ ਤਾਲਮੇਲ ਦੀ ਕਮੀ ਦਾ ਖਾਮਿਆਜ਼ਾ ਬਜ਼ੁਰਗ ਸ਼ਰਧਾਲੂਆਂ ਨੂੰ ਭੁਗਤਣਾ ਪੈ ਰਿਹਾ ਹੈ।

ਸ਼ਰਧਾਲੂਆਂ ਨੇ ਅਟਾਰੀ ਸਰਹੱਦ 'ਤੇ ਮਾੜੇ ਪ੍ਰਬੰਧਾਂ ਦਾ ਵੀ ਦੋਸ਼ ਲਾਇਆ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਉਨ੍ਹਾਂ ਨੂੰ ਕੁਝ ਵੀ ਕੌਮਾਂਤਰੀ ਪਲੇਟਫਾਰਮ ਵਰਗਾ ਦਿਖਾਈ ਨਹੀਂ ਦੇ ਰਿਹਾ ਹੈ। ਹੋਰ ਤਾਂ ਹੋਰ ਇੱਥੇ ਪੀਣ ਦੇ ਪਾਣੀ ਅਤੇ ਸਾਫ ਪਖ਼ਾਨਿਆਂ ਦੀ ਵੀ ਸੁਵਿਧਾ ਨਹੀਂ ਹੈ। ਸ਼ਰਧਾਲੂਆਂ ਨੇ ਤਲਖ਼ੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਿੱਚ ਮੱਤਭੇਦ ਹਨ ਤਾਂ ਉਸ ਦਾ ਦੰਡ ਸੰਗਤ ਨੂੰ ਕਿਓਂ ਦਿੱਤਾ ਜਾ ਰਿਹਾ ਹੈ।

ਸ਼ਰਧਾਲੂਆਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਰੇਲਵੇ ਨੇ ਉਨ੍ਹਾਂ ਨੂੰ ਸਟੇਸ਼ਨ ਦੇ ਅੰਦਰ ਵੀ ਦਾਖ਼ਲ ਹੋਣ ਨਹੀਂ ਦਿੱਤਾ, ਜਿਵੇਂ ਉਹ ਕੋਈ ਵਿਦੇਸ਼ੀ ਹੋਣ। ਉੱਧਰ, ਅਟਾਰੀ ਦੇ ਸਟੇਸ਼ਨ ਮਾਸਟਰ ਐਮਐਲ ਰਾਏ ਦਾ ਤਰਕ ਹੈ ਕਿ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਮਿਲਣ ਤਕ ਉਹ ਕੁਝ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਤੋਂ ਹਰੀ ਝੰਡੀ ਨਹੀਂ ਮਿਲ ਜਾਂਦੀ ਓਨਾ ਚਿਰ ਉਹ ਕਿਸੇ ਮੁਸਾਫਰ ਨੂੰ ਅੰਦਰ ਆਉਣ ਤੇ ਇਮੀਗ੍ਰੇਸ਼ਨ ਤੇ ਕਸਟਮ ਕਲੀਅਰੈਂਸ ਆਦਿ ਨਹੀਂ ਕਰਵਾ ਸਕਦੇ।



ਦੱਸਣਯੋਗ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2003 ਵਿੱਚ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ, ਇਸ ਲਈ ਉਹ 16 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾ ਰਹੇ ਹਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲ 2010 ਵਿੱਚ ਸੋਧ ਕੇ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੀ ਹੈ ਤੇ ਇਹ ਸ਼ਹੀਦੀ ਦਿਹਾੜਾ ਸੱਤ ਜੂਨ ਨੂੰ ਹੀ ਮਨਾ ਚੁੱਕੀ ਹੈ। ਇਸ ਲਈ ਐਸਜੀਪੀਸੀ ਇਸ ਮੌਕੇ ਆਪਣੇ ਵੱਲੋਂ ਜਥਾ ਨਹੀਂ ਭੇਜ ਰਹੀ। ਇਸ ਤੋਂ ਪਹਿਲਾਂ ਐਸਜੀਪੀਸੀ ਨੇ ਪੰਜ ਤੋਂ 14 ਜੂਨ ਤਕ ਵੀਜ਼ਾ ਲੈਣ ਲਈ ਪਾਕਿਸਤਾਨ ਹਾਈ ਕਮਿਸ਼ਨ ਨੂੰ 80 ਪਾਸਪੋਰਟ ਸਮੇਤ ਬੇਨਤੀ ਭੇਜੀ ਸੀ, ਪਰ ਇਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਸੀ।