Pak Comedian Iftikhar Thakur: 'ਓਪਰੇਸ਼ਨ ਸਿੰਦੂਰ' ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀ ਕਲਾਕਾਰਾਂ ਵਿਚਕਾਰ ਚੱਲ ਰਹੇ ਤਣਾਅ 'ਚ ਹੁਣ ਇਕ ਵਾਰ ਫਿਰ ਪਾਕਿਸਤਾਨੀ ਕਾਮੇਡੀਅਨ ਇਫ਼ਤਿਖਾਰ ਠਾਕੁਰ ਨੇ ਵਿਵਾਦਤ ਬਿਆਨ ਦੇ ਦਿੱਤਾ ਹੈ। ਠਾਕੁਰ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਕਿ "ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਪੰਜਾਬ ਵਿੱਚ ਫਿਲਮਾਂ ਨਹੀਂ ਚਲਦੀਆਂ।"
ਇਸ ਤੋਂ ਪਹਿਲਾਂ ਵੀ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿੱਜੀ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਇਸ ਲਈ ਬਣਾਇਆ ਗਿਆ ਕਿਉਂਕਿ ਉਹ "ਸਸਤੇ ਪੈਂਦੇ ਹਨ।" ਇਸ ਬਿਆਨ ਤੋਂ ਬਾਅਦ ਪੰਜਾਬ ਦੇ ਕਈ ਕਲਾਕਾਰਾਂ ਨੇ ਠਾਕੁਰ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਕੰਮ ਨਹੀਂ ਦਿੱਤਾ ਜਾਵੇਗਾ।
ਪਾਕਿਸਤਾਨੀ ਕਾਮੇਡੀਅਨ ਇਫ਼ਤਿਖਾਰ ਠਾਕੁਰ ਦਾ ਨਵਾਂ ਬਿਆਨ...
ਪਾਕਿਸਤਾਨੀ ਕਾਮੇਡੀਅਨ ਇਫ਼ਤਿਖਾਰ ਠਾਕੁਰ ਨੇ ਕਿਹਾ –"ਭਾਰਤੀ ਪੰਜਾਬ ਵਿੱਚ ਮੇਰੀ ਲਗਭਗ 16 ਫਿਲਮਾਂ ਸਾਈਨ ਹੋਈਆਂ ਹੋਈਆਂ ਸਨ, ਜੋ ਮੈਂ ਕਰਨੀਆਂ ਸਨ। ਸਾਨੂੰ ਕਿਹਾ ਗਿਆ ਕਿ ਅਸੀਂ ਤੁਹਾਡਾ ਬਾਇਕਾਟ ਕਰਾਂਗੇ। ਇਸ 'ਤੇ ਮੈਂ ਜਵਾਬ ਦਿੱਤਾ – ਤੁਹਾਡੇ ਕੋਲ ਬਾਇਕਾਟ ਕਰਨ ਦਾ ਮੂੰਹ ਹੀ ਨਹੀਂ, ਬਾਇਕਾਟ ਤਾਂ ਅਸੀਂ ਕਰਦੇ ਹਾਂ। ਪੰਜਾਬ ਦੀਆਂ ਫਿਲਮਾਂ ਸਾਡੇ ਬਿਨਾਂ ਨਹੀਂ ਚਲਦੀਆਂ। ਪਾਕਿਸਤਾਨੀ ਕਲਾਕਾਰਾਂ ਦੇ ਬਿਨਾਂ ਭਾਰਤੀ ਫਿਲਮਾਂ ਕਦੇ ਹਿੱਟ ਨਹੀਂ ਹੋਈਆਂ।"
ਪਾਕਿਸਤਾਨੀ ਕਾਮੇਡੀਅਨ ਇਫ਼ਤਿਖਾਰ ਠਾਕੁਰ ਨੇ ਅੱਗੇ ਕਿਹਾ – “ਪਾਕਿਸਤਾਨੀ ਕਲਾਕਾਰਾਂ ਦੇ ਬਿਨਾਂ 9 ਫਿਲਮਾਂ ਬਣਾਈਆਂ ਗਈਆਂ, ਪਰ ਇੱਕ ਵੀ ਨਹੀਂ ਚਲ ਸਕੀ। ਪੰਜਾਬ ਵਿੱਚ ਬਣ ਰਹੀਆਂ ਫਿਲਮਾਂ ਦੇ ਡਾਇਲਾਗ ਤੋਂ ਲੈ ਕੇ ਹੋਰ ਮੁੱਖ ਕੰਮ ਵੀ ਅਕਸਰ ਪਾਕਿਸਤਾਨੀ ਕਲਾਕਾਰ ਕਰਦੇ ਹਨ। ਜਿਨ੍ਹਾਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ, ਉਹ ਹਮੇਸ਼ਾ ਹਿੱਟ ਹੋਈਆਂ। ਪੰਜਾਬੀ ਇੰਡਸਟਰੀ ਦੀ 300 ਤੋਂ 350 ਕਰੋੜ ਰੁਪਏ ਦੀ ਨਿਵੇਸ਼ੀ ਸਾਡੇ ਕਲਾਕਾਰਾਂ 'ਤੇ ਨਿਰਭਰ ਕਰਦੀ ਹੈ।” ਹੁਣ ਦੇਖਣਾ ਹੋਏਗਾ ਇਸ ਵਿਵਾਦਤ ਬਿਆਨ ਤੋਂ ਬਾਅਦ ਪੰਜਾਬੀ ਕਲਾਕਾਰ ਕੀ ਪ੍ਰਤੀਕਿਰਿਆ ਦਿੰਦੇ ਹਨ।
ਇਫ਼ਤਿਖਾਰ ਠਾਕੁਰ ਨੇ ਅੱਗੇ ਕਿਹਾ – “ਭਾਰਤ ਸਾਡੇ ਬਿਨਾਂ ਫਿਲਮ ਨਹੀਂ ਬਣਾ ਸਕਦਾ, ਤਾਂ ਉਹ ਜੰਗ ਕੀ ਜਿੱਤਣਗੇ।”ਆਖ਼ਰ ਵਿੱਚ ਠਾਕੁਰ ਨੇ ਸ਼ਾਇਰੀ ਪੇਸ਼ ਕਰਦੇ ਹੋਏ ਕਿਹਾ –“ਜੋ ਖੇਡ ਦੇ ਮੈਦਾਨ ਵਿੱਚ ਨਹੀਂ ਆਉਂਦੇ,ਉਹ ਜੰਗ ਦੇ ਮੈਦਾਨ ਵਿੱਚ ਵੀ ਨਹੀਂ ਆ ਸਕਦੇ।”
ਠਾਕੁਰ ਦੀ ਵਿਰੋਧਤਾ ਸਭ ਤੋਂ ਪਹਿਲਾਂ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿੱਲੋਂ ਨੇ ਕੀਤੀ ਸੀ। ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਐਕਟਰ ਤੇ ਕਾਮੇਡੀਅਨ ਬੀਨੂ ਢਿੱਲੋਂ ਨੇ ਇਫ਼ਤਿਖਾਰ ਠਾਕੁਰ ਦੇ ਬਿਆਨ ਦਾ ਜਵਾਬ ਦਿੱਤਾ ਸੀ। ਬੀਨੂ ਨੇ ਕਿਹਾ ਸੀ ਕਿ ਉਹ ਅੱਗੇ ਤੋਂ ਕਦੇ ਵੀ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਇਫ਼ਤਿਖਾਰ ਠਾਕੁਰ ਨੂੰ ਪੰਜਾਬ ਵਿੱਚ ਆਉਣ ਵੀ ਨਹੀਂ ਦਿੱਤਾ ਜਾਵੇਗਾ।
ਜੋ ਸਾਡੇ ਦੇਸ਼ ਦਾ ਵਿਰੋਧੀ ਹੈ, ਉਸਨੂੰ ਇੱਥੇ ਆਪਣੀ ਕਲਾਕਾਰੀ ਵਿਖਾਉਣ ਦਾ ਮੌਕਾ ਵੀ ਨਹੀਂ ਮਿਲਣਾ ਚਾਹੀਦਾ। ਪਾਕਿਸਤਾਨੀ ਕਲਾਕਾਰਾਂ ਨਾਲ ਜੋ ਪ੍ਰੋਜੈਕਟ ਹਾਲੇ ਚੱਲ ਰਹੇ ਹਨ, ਉਹ ਨਾ ਤਾਂ ਸਿਨੇਮਾਘਰਾਂ ਵਿੱਚ ਆਉਣਗੇ ਅਤੇ ਨਾ ਹੀ ਇਹ ਕਲਾਕਾਰ ਪੰਜਾਬ ਵਿੱਚ ਆ ਸਕਣਗੇ। ਬੀਨੂ ਢਿੱਲੋਂ ਨੇ ਅੱਗੇ ਕਿਹਾ ਸੀ ਕਿ ਪੰਜਾਬੀ ਫਿਲਮਾਂ ਦੇ ਨਿਰਮਾਤਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਲੈਣ।
ਢਿੱਲੋਂ ਤੋਂ ਬਾਅਦ ਕਈ ਪੰਜਾਬੀ ਕਲਾਕਾਰਾਂ ਨੇ ਠਾਕੁਰ ਦੀ ਨਿੰਦਾ ਕੀਤੀ
ਦੱਸਣ ਵਾਲੀ ਗੱਲ ਹੈ ਕਿ ਢਿੱਲੋਂ ਦੀ ਨਿੰਦਾ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਦੀ ਨਿੰਦਾ ਕੀਤੀ। ਭਾਰਤੀ ਪੰਜਾਬ ਦੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੂੰ ਆਪਣੇ-ਆਪਣੇ ਦੇਸ਼ ਦੀ ਸੁਰੱਖਿਆ ਕਰਨੀ ਫਰਜ਼ ਹੈ। ਫੌਜ ਜੰਗ ਕਰੇ ਤਾਂ ਗੱਲ ਵੱਖਰੀ ਹੈ, ਪਰ ਕਲਾਕਾਰਾਂ ਨੂੰ ਜੰਗ ਨਹੀਂ ਕਰਨੀ ਚਾਹੀਦੀ। ਗਲਤ ਟਿੱਪਣੀ ਕਰਕੇ ਪਾਕਿਸਤਾਨੀ ਆਰਟਿਸਟ ਆਪਣੇ ਹੀ ਨੁਕਸਾਨ ਕਰ ਰਹੇ ਹਨ। ਇਸ ਤੋਂ ਬਾਅਦ ਗੱਗੂ ਗਿੱਲ ਤੋਂ ਲੈ ਕੇ ਦੇਵ ਖਰੌੜ ਨੇ ਠਾਕੁਰ ਦੇ ਬਿਆਨ ਦੀ ਨਿੰਦਾ ਕੀਤੀ।