Firozpur: ਪਾਕਿਸਤਾਨ ਵਾਲੇ ਪਾਸਿਓਂ ਸ਼ਰਾਰਤਾਂ ਜਾਰੀ ਹਨ। ਪਾਕਿਸਤਾਨ ਵਾਲੇ ਪਾਸਿਓਂ ਆਏ ਡ੍ਰੋਨ ਲਗਾਤਾਰ ਹਥਿਆਰ ਤੇ ਨਸ਼ਾ ਸੁੱਟ ਰਹੇ ਹਨ। ਫ਼ਿਰੋਜ਼ਪੁਰ ਨੇੜੇ ਪਾਕਿਸਤਾਨੀ ਡ੍ਰੋਨ ਰਾਹੀਂ ਕੁਝ ਹਥਿਆਰ ਸੁੱਟੇ ਗਏ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਚੌਕਸ ਹੋ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਕਰੀਬ ਛੇ ਕਿਲੋਮੀਟਰ ਦੂਰ ਪਿੰਡ ਆਰਿਫ਼ ਕੇ ਦੇ ਖੇਤਾਂ ਵਿੱਚ ਕੱਲ੍ਹ ਰਾਤ ਪਾਕਿਸਤਾਨੀ ਡ੍ਰੋਨ ਰਾਹੀਂ ਕੁਝ ਹਥਿਆਰ ਸੁੱਟੇ ਗਏ। ਲੰਘੀ ਦੇਰ ਸ਼ਾਮ ਪਿੰਡ ਦੇ ਕੁਝ ਲੋਕਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨ ਆਉਂਦਾ ਦੇਖਿਆ ਤਾਂ ਤੁਰੰਤ ਥਾਣਾ ਆਰਿਫ਼ ਕੇ ਦੀ ਪੁਲਿਸ ਨੂੰ ਸੂਚਿਤ ਕੀਤਾ। ਕੁਝ ਚਿਰ ਮਗਰੋਂ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਖੇਤ ਦੀ ਤਲਾਸ਼ੀ ਲਈ।
ਪਿੰਡ ਦੇ ਸਰਪੰਚ ਜੁਝਾਰ ਸਿੰਘ ਨੇ ਦੱਸਿਆ ਕਿ ਇਹ ਖੇਤ ਕੁਲਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਦਾ ਹੈ। ਉਸ ਨੇ ਝੋਨੇ ਨੂੰ ਸਪਰੇਅ ਕਰਨ ਵਾਸਤੇ ਲੇਬਰ ਲਗਾਈ ਹੋਈ ਸੀ। ਸਪਰੇਅ ਕਰਦਿਆਂ ਲੇਬਰ ਨੂੰ ਕੋਈ ਸ਼ੱਕੀ ਵਸਤੂ ਖੇਤ ਵਿੱਚ ਪਈ ਹੋਣ ਦੀ ਜਾਣਕਾਰੀ ਮਿਲੀ।
ਸਰਪੰਚ ਦੇ ਦੱਸਣ ਮੁਤਾਬਕ ਥਾਣਾ ਮੁਖੀ ਨੇ ਕੱਲ੍ਹ ਰਾਤ ਖੇਤ ’ਚੋਂ ਏਕੇ-47 ਰਾਈਫ਼ਲ ਬਰਾਮਦ ਹੋਣ ਦਾ ਜ਼ਿਕਰ ਕੀਤਾ ਸੀ। ਹਾਲਾਂਕਿ, ਪੁਲਿਸ ਵੱਲੋਂ ਇਸ ਬਾਰੇ ਅਜੇ ਤੱਕ ਅਧਿਕਾਰਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਅੱਜ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਮਾਗਮ ਵਿੱਚ ਰੁਝੇ ਹੋਏ ਸਨ।
ਦੱਸ ਦੇਈਏ ਕੁਝ ਦਿਨ ਪਹਿਲਾਂ ਵੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿ ਤਸਕਰਾਂ ਵੱਲੋਂ ਡਰੋਨ ਭੇਜਿਆ ਗਿਆ ਸੀ। ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ। ਅਟਾਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 144 ਬਟਾਲੀਅਨ ਦੇ ਜਵਾਨਾਂ ਨੇ ਜਦੋਂ ਡਰੋਨ ਦੇ ਸ਼ੂਕਣ ਦੀ ਆਵਾਜ਼ ਸੁਣੀ ਤਾਂ ਉਸ ਨੂੰ ਧਰਤੀ ’ਤੇ ਸੁੱਟਣ ਲਈ 15 ਰਾਊਂਡ ਫਾਇਰ ਕੀਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।