ਫਿਰੋਜ਼ਪੁਰ: ਪਾਕਿਸਤਾਨ ਲਗਾਤਾਰ ਸਰਹੱਦ ਪਾਰੋਂ ਭਾਰਤ ਵਿਰੁੱਧ ਨਾਪਾਕ ਸਾਜ਼ਿਸ਼ ਰਚ ਰਿਹਾ ਹੈ। ਹੁਣ ਇੱਕ ਪਾਕਿਸਤਾਨੀ ਡ੍ਰੋਨ ਭਾਰਤ ਦੀ ਸਰਹੱਦ 'ਚ ਦਾਖਲ ਹੋ ਗਿਆ ਹੈ, ਜਿਸ ਨੂੰ ਸੀਮਾ ਸੁਰੱਖਿਆ ਬਲ (ਬੀਐਮਐਫ) ਨੇ ਮੌਕੇ 'ਤੇ ਹੀ ਢੇਰ ਕਰ ਦਿੱਤਾ। ਇਹ ਡ੍ਰੋਨ ਸੋਮਵਾਰ ਤੜਕੇ 2:55 'ਤੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ 'ਚ ਦੇਖਿਆ ਗਿਆ। ਡ੍ਰੋਨ ਦੇ ਨਾਲ ਹੀ ਪਾਬੰਦੀਸ਼ੁਦਾ ਸਮੱਗਰੀ ਵਾਲੇ 5 ਪੈਕਟ ਵੀ ਬਰਾਮਦ ਕੀਤੇ ਗਏ ਹਨ।
ਦਰਅਸਲ ਫਿਰੋਜ਼ਪੁਰ ਸੈਕਟਰ 'ਚ ਪਾਕਿਸਤਾਨ ਤੋਂ ਭਾਰਤ 'ਚ ਕਿਸੇ ਸ਼ੱਕੀ ਚੀਜ਼ ਦੇ ਉਡਾਣ ਭਰਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਤੁਰੰਤ ਚੌਕਸ ਹੋ ਗਿਆ ਤੇ ਗੋਲੀਬਾਰੀ ਵਿਚ ਉਸ ਨੂੰ ਮਾਰ ਦਿੱਤਾ। 5 ਪੈਕੇਟਾਂ ਦੀ ਅੰਤਰਰਾਸ਼ਟਰੀ ਕੀਮਤ ਲਗਪਗ 20 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਨੇ ਸਾਮਾਨ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਜੰਮੂ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੱਕੀ ਡਰੋਨ 'ਤੇ ਕੀਤੀ ਗੋਲੀਬਾਰੀ
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬੀਐਸਐਫ ਨੇ ਜੰਮੂ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਡਰੋਨ ਨੂੰ ਦੇਖਦੇ ਹੀ ਉਸ 'ਤੇ ਗੋਲੀਬਾਰੀ ਕੀਤੀ। ਬੀਐਸਐਫ ਦੇ ਜਵਾਨਾਂ ਨੇ ਉਡਦੀ ਸ਼ੱਕੀ ਵਸਤੂ 'ਤੇ ਉਦੋਂ ਗੋਲੀਬਾਰੀ ਕੀਤੀ ਜਦੋਂ ਇਹ ਸਵੇਰੇ 4:10 ਵਜੇ ਦੇ ਕਰੀਬ ਅਰਨੀਆ ਦੇ ਨਾਗਰਿਕ ਖੇਤਰ ਵਿੱਚ ਦਾਖਲ ਹੋਈ। ਅਰਨੀਆ ਦੇ ਇਲਾਕੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਸਵੇਰੇ 4:10 ਵਜੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਜਵਾਨਾਂ ਨੇ ਆਵਾਜ਼ ਸੁਣ ਕੇ ਗੋਲੀਬਾਰੀ ਕੀਤੀ।
ਪੁਲਿਸ ਦੀ ਮਦਦ ਨਾਲ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਦੇਖਦੇ ਹੀ 10 ਮਿੰਟਾਂ ਦੇ ਅੰਦਰ ਕਰੀਬ 18 ਗੋਲੀਆਂ ਚਲਾਈਆਂ। ਬੀਐਸਐਫ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੀ ਹਰ ਗਤੀਵਿਧੀ 'ਤੇ ਧਿਆਨ ਰੱਖਿਆ ਜਾ ਰਿਹਾ ਹੈ। ਸਖਤ ਮੁਸਤੈਦੀ ਨਾਲ ਹੀ ਪਾਕਿਸਤਾਨ ਦੀਆਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।