ਅੰਮ੍ਰਿਤਸਰ: ਭਾਰਤ 'ਚ ਤੇਜ਼ੀ ਨਾਲ ਵਧ ਰਹੀ ਪਾਕਿਸਤਾਨੀ ਡ੍ਰੋਨ ਘੁਸਪੈਠ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਨੇ ਸਰਹੱਦ 'ਤੇ ਇੱਕ ਕੁੱਤਾ ਤਾਇਨਾਤ ਕੀਤਾ ਹੈ, ਜੋ ਦੂਰੋਂ ਡ੍ਰੋਨ ਦੀ ਆਵਾਜ਼ ਨੂੰ ਪਛਾਣ ਲਵੇਗਾ। ਇਸ ਲਈ ਪੰਜਾਬ 'ਚ ਭਾਰਤ-ਪਾਕਿ ਸਰਹੱਦ 'ਤੇ ਜਰਮਨ ਸ਼ੈਫਰਡ ਪ੍ਰਜਾਤੀ ਦੇ ਮਾਦਾ ਕੁੱਤੇ ਫਰੂਟੀ ਨੂੰ ਗਵਾਲੀਅਰ ਦੇ ਟੇਕਨਪੁਰ ਸਥਿਤ ਬੀਐਸਐਫ ਦੇ ਰਾਸ਼ਟਰੀ ਡੌਗ ਸਿਖਲਾਈ ਕੇਂਦਰ 'ਚ ਸਿਖਲਾਈ ਤੋਂ ਬਾਅਦ ਤਿਆਰ ਕੀਤਾ ਗਿਆ ਹੈ।



ਇਸ ਦੀ ਤਾਇਨਾਤੀ ਨਾਲ, ਭਾਰਤ ਆਪਣੇ ਗੁਆਂਢੀ ਦੇਸ਼ਾਂ ਦੀਆਂ ਡਰੋਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਟਰੇਂਡ ਡੌਗ ਨੂੰ ਤਾਇਨਾਤ ਕਰਨ ਵਾਲਾ ਇਜ਼ਰਾਈਲ ਤੇ ਅਮਰੀਕਾ ਤੋਂ ਬਾਅਦ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਪਿਛਲੇ ਦੋ ਸਾਲਾਂ ਵਿੱਚ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਦੇ ਨਾਲ ਹੈਰੋਇਨ ਦੀ ਤਸਕਰੀ ਤੇ ਡਰੋਨ ਰਾਹੀਂ ਹਥਿਆਰ ਭੇਜਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਿਖਲਾਈ ਪ੍ਰਾਪਤ ਕੁੱਤੇ ਦੀ ਮਦਦ ਨਾਲ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਧੁਨੀ ਤਰੰਗਾਂ ਨੂੰ ਆਸਾਨੀ ਨਾਲ ਕੈਪਚਰ ਕਰਦਾ
ਜਰਮਨ ਸ਼ੈਫਰਡ ਨਸਲ ਦੇ ਕੁੱਤੇ ਦੀ ਸੁਣਨ ਦੀ ਸਮਰੱਥਾ ਬਹੁਤ ਵਧੀਆ ਹੁੰਦੀ ਹੈ। ਉਹ ਆਸਾਨੀ ਨਾਲ ਧੁਨੀ ਤਰੰਗਾਂ ਨੂੰ ਫੜ ਸਕਦੇ ਹਨ। ਇਸ ਦੇ ਲਈ ਜਰਮਨ ਸ਼ੈਫਰਡ ਫਰੂਟੀ ਨੂੰ ਚੁਣਿਆ ਗਿਆ ਅਤੇ ਟੇਕਨਪੁਰ, ਗਵਾਲੀਅਰ ਸਥਿਤ ਬੀਐਸਐਫ ਦੇ ਰਾਸ਼ਟਰੀ ਡੌਗ ਸਿਖਲਾਈ ਕੇਂਦਰ ਵਿੱਚ ਭੇਜਿਆ ਗਿਆ ਤੇ ਆਵਾਜ਼ ਦੀਆਂ ਤਰੰਗਾਂ ਨੂੰ ਫੜਨ ਦੀ ਸਿਖਲਾਈ ਦਿੱਤੀ ਗਈ।

ਦੋ ਮਹੀਨਿਆਂ ਦੀ ਸਿਖਲਾਈ ਦੌਰਾਨ ਕੁੱਤੇ ਨੂੰ ਡਰੋਨ ਦੀ ਆਵਾਜ਼ ਨਾਲ ਵੀ ਜਾਣੂ ਕਰਵਾਇਆ ਗਿਆ ਅਤੇ ਇਸ ਤਰ੍ਹਾਂ ਦੇਸ਼ ਦਾ ਪਹਿਲਾ ਡਰੋਨ ਖੋਜਣ ਵਾਲਾ ਕੁੱਤਾ ਤਿਆਰ ਕੀਤਾ ਗਿਆ। ਇਹ ਦੂਰੋਂ ਡਰੋਨ ਦੀ ਆਵਾਜ਼ ਦਾ ਪਤਾ ਲਗਾਉਂਦਾ ਹੈ ਅਤੇ ਸੈਨਿਕਾਂ ਨੂੰ ਸੁਚੇਤ ਕਰਦਾ ਹੈ। ਸਿਖਲਾਈ ਪੂਰੀ ਕਰਨ ਅਤੇ ਮਾਹਿਰਾਂ ਵੱਲੋਂ ਫਰੂਟੀ ਦਾ ਕੰਮ ਦੇਖਣ ਤੋਂ ਬਾਅਦ ਉਸ ਨੂੰ ਅਟਾਰੀ ਸਰਹੱਦ 'ਤੇ ਤਾਇਨਾਤ ਕਰ ਦਿੱਤਾ ਗਿਆ।
 
ਪੰਜਾਬ ਸਰਹੱਦ 'ਤੇ ਤੇਜ਼ੀ ਨਾਲ ਵਧ ਰਹੀਆਂ ਡਰੋਨਾਂ ਦੀ ਹਰਕਤ ਨਾਲ ਨਜਿੱਠਣ ਲਈ ਬੀਐਸਐਫ ਦੇ ਜਵਾਨ ਚੌਕਸ ਹਨ। ਡਰੋਨ ਡਿਟੈਕਟਰ ਡੌਗ ਦੀ ਤਾਇਨਾਤੀ ਤੋਂ ਬਾਅਦ ਗੁਆਂਢੀ ਦੇਸ਼ ਦੀ ਸਰਹੱਦ 'ਤੇ ਡਰੋਨ ਦੀਆਂ ਗਤੀਵਿਧੀਆਂ 'ਤੇ ਆਸਾਨੀ ਨਾਲ ਨਜ਼ਰ ਰੱਖੀ ਜਾ ਸਕੇਗੀ। ਇਸੇ ਤਰ੍ਹਾਂ ਦੀ ਸਿਖਲਾਈ ਹੋਰ ਕੁੱਤਿਆਂ ਨੂੰ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਪੂਰੀ ਪੰਜਾਬ ਪੱਟੀ ਵਿੱਚ ਡਰੋਨ ਡਿਟੈਕਟਰ ਕੁੱਤਿਆਂ ਦੀ ਤਾਇਨਾਤੀ ਕੀਤੀ ਜਾ ਸਕੇ।