ਪੱਟੀ: ਨੌਸ਼ਹਿਰ ਪੰਨੂੰਆਂ ਹਲਕੇ ਵਿੱਚ ਪੰਚਾਇਤੀ ਚੋਣਾਂ ਦੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਅੰਤਮ ਮਿਤੀ ਤੋਂ ਇੱਕ ਦਿਨ ਪਹਿਲਾਂ ਦੋ ਕਾਂਗਰਸੀ ਧੜੇ ਆਪਸ ਵਿੱਚ ਹੀ ਉਲਝ ਗਏ। ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਤੇ ਪਾਰਟੀ ਤੋਂ ਬਾਗ਼ੀ ਚੱਲਣ ਵਾਲੇ ਉਮੀਦਵਾਰ ਰਣਜੀਤ ਸਿੰਘ ਬਾਦਲ ਦਰਮਿਆਨ ਵਿਵਾਦ ਇੰਨਾ ਵਧ ਗਿਆ ਕਿ ਗੋਲ਼ੀਆਂ ਚੱਲ ਪਈਆਂ।
ਰਣਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਬਲਾਕ ਸੰਮਤੀ ਮੈਂਬਰ ਰਾਜਕਰਨ ਸੂਦ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਜਾ ਰਹੇ ਸੀ ਤਾਂ ਦੋ ਗੱਡੀਆਂ 'ਚ ਸਵਾਰ ਹਮਲਾਵਰਾਂ ਉਨ੍ਹਾਂ 'ਤੇ ਗੋਲ਼ੀਆਂ ਚਲਾਈਆਂ। ਉਨ੍ਹਾਂ ਸੂਦ ਦੀ ਕਾਰ 'ਤੇ ਗੋਲ਼ੀਆਂ ਦੇ ਨਿਸ਼ਾਨ ਦਿਖਾਉਂਦਿਆਂ ਦੱਸਿਆ ਕਿ ਇਹ ਫਾਇਰਿੰਗ ਕਈ ਥਾਈਂ ਕੀਤੀ ਗਈ ਤੇ ਟੋਲ ਪਲਾਜ਼ਾ ਕੋਲ ਵੀ ਉਨ੍ਹਾਂ 'ਤੇ ਗੋਲ਼ੀਆਂ ਚਲਾਈਆਂ ਗਈਆਂ। ਬਾਦਲ ਨੇ ਇਸ ਹਮਲੇ ਪਿੱਛੇ ਤਰਸੇਮ ਸਿੰਘ ਉੱਪਰ ਸ਼ੱਕ ਜਤਾਇਆ।
ਦੂਜੇ ਪਾਸੇ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਰਣਜੀਤ ਬਾਦਲ ਨੂੰ ਵੱਡੇ ਭਰਾ ਵਾਂਗ ਸਮਝਦੇ ਹਨ। ਤਰਸੇਮ ਸਿੰਘ ਨੇ ਕਿਹਾ ਕਿ ਬਾਦਲ ਅਜਿਹਾ ਆਪਣੀ ਸੁਰੱਖਿਆ ਵਧਵਾਉਣ ਲਈ ਕੀਤਾ ਹੋ ਸਕਦਾ ਹੈ। ਉਨ੍ਹਾਂ ਬਾਦਲ 'ਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਪੱਟੀ ਦੇ ਐਸਪੀ ਤਿਲਕ ਰਾਜ ਨੇ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਥਾਣਾ ਸਰਹਾਲੀ ਵਿੱਚ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ।