ਚੰਡੀਗੜ੍ਹ: ਕੋਵਿਡ-19 ਮਹਾਮਾਰੀ ਕਾਰਨ ਕੀਤੇ ਗਏ ਲੌਕਡਾਊਨ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਾਰੇ ਵਿਦਿਆਰਥੀ ਘਰਾਂ ਵਿੱਚ ਬੰਦ ਹਨ ਤੇ ਕੁਝ ਅਕੇਵਾਂ ਵੀ ਮਹਿਸੂਸ ਕਰ ਰਹੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਯੂਨੀਵਰਸਿਟੀ ਨੇ ਅਜਿਹੇ ਵਿਦਿਆਰਥੀਆਂ ਲਈ ਆਨਲਾਈਨ ਹੈਲਥ ਕਾਊਂਸਲਿੰਗ ਸੇਵਾ ਸ਼ੁਰੂ ਕੀਤੀ ਹੈ। ਇਹ ਆਨਲਾਈਨ ਹੈਲਥ ਕਾਊਂਸਲਿੰਗ ਸੇਵਾ ਸ਼ੁਰੂ ਕੀਤੀ ਹੈ।


ਇਸ ਆਨਲਾਈਨ ਕਾਊਂਸਲਿੰਗ ਬਾਰੇ ਯੂਨੀਵਰਸਿਟੀ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਾਊਂਸਲਿੰਗ ਰਾਹੀਂ ਵਿਦਿਆਰਥੀ ਆਪਣੀ ਮਾਨਸਿਕ ਸਮੱਸਿਆ ਤੇ ਤਣਾਅ ਆਦਿ ਨੂੰ ਦੂਰ ਕਰਨ ਬਾਰੇ ਦੱਸਿਆ ਗਿਆ ਹੈ। ਇਹ ਸਮੱਸਿਆ ਲੌਕਡਾਊਨ ਕਰਕੇ ਪੈਦਾ ਹੋਈ ਹੋਵੇ ਚਾਹੇ ਕਿਸੇ ਹੋਰ ਕਾਰਨਾਂ ਕਰਕੇ ਕਾਊਂਸਲਿੰਗ ਰਾਹੀਂ ਉਸ ਨੂੰ ਹੱਲ ਕਰਨ ਵਿੱਚ ਮਦਦ ਮਿਲ ਸਕੇਗੀ।

ਇਸ ਦੇ ਨਾਲ ਹੀ ਕਾਊਂਸਲਿੰਗ ਰਾਹੀਂ ਸਰੀਰਕ ਤੇ ਮਾਨਸਿਕ ਸਿਹਤ ਮਾਹਰਾਂ ਤੋਂ ਸਲਾਹ ਵੀ ਮਿਲੇਗੀ ਅਤੇ ਵਿਦਿਆਰਥੀ ਯੋਗ, ਚੜ੍ਹਦੀ ਕਲਾ 'ਚ ਰਹਿਣ, ਧਿਆਨ ਲਾਉਣ, ਖਾਣ-ਪੀਣ ਤੇ ਜੀਵਨ ਜਾਚ ਆਦਿ ਬਾਰੇ ਸਹਾਇਕ ਨੁਕਤੇ ਵੀ ਹਾਸਲ ਕਰ ਸਕਦੇ ਹਨ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸਾਰੀਆਂ ਯੂਨੀਵਰਸਟੀਆਂ ਨੂੰ ਅਜਿਹੇ ਉਪਰਾਲੇ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।