Pannu is a puppet of ISI : ਭਾਜਪਾ ਦੇ ਸੀਨੀਅਰ ਸਿੱਖ ਆਗੂ ਅਤੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਬੰਦੀ ਸ਼ੁਦਾ ਖਾਲਿਸਤਾਨੀ ਗਰੁੱਪ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰ ਪਤਵੰਤ ਪੰਨੂ ਦੀਆਂ ਹਰਕਤਾਂ ਨਾਲ ਵਿਸ਼ਵ ਭਰ ’ਚ ਸਿੱਖ ਭਾਈਚਾਰੇ ਦੀ ਛਵੀ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਨੂ ਵੱਲੋਂ ਏਅਰ ਇੰਡੀਆ ਸੰਬੰਧੀ ਦਿੱਤੀ ਗਈ ਧਮਕੀ ਤੋਂ ਸਪਸ਼ਟ ਹੈ ਕਿ ਉਹ ਨਾ ਤਾਂ ਪੂਰਨ ਗੁਰਸਿੱਖ ਹੈ ਅਤੇ ਨਾ ਹੀ ਸਿੱਖੀ ਸਿਧਾਂਤਾਂ ਤੇ ਵਿਚਾਰਧਾਰਾ ’ਚ ਵਿਸ਼ਵਾਸ ਰੱਖਦਾ ਹੈ। 


ਉਨਾਂ ਕਿਹਾ ਕਿ ਸਿੱਖ ਧਰਮ ਸਰਬ ਸਾਂਝੀਵਾਲਤਾ ਅਤੇ ਮਾਨਵਤਾ ਨੂੰ ਸਮਰਪਿਤ ਹੈ। ਇਹ ’’ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ’’ ਦੇ ਸਿਧਾਂਤ ’ਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ।


ਪ੍ਰੋ. ਸਰਚਾਂਦ ਸਿੰਘ ਨੇ ਪੰਨੂ ਵੱਲੋਂ ਏਅਰ ਇੰਡੀਆ ਦੀਆਂ ਫਲਾਈਟਾਂ ’ਚ 19 ਨਵੰਬਰ ਨੂੰ ਯਾਤਰਾ ਨਾ ਕਰਨ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੈਨੇਡਾ ਸਰਕਾਰ ਕੋਲ ਮਾਮਲਾ ਉਠਾਏ ਜਾਣ ’ਤੇ ਕੈਨੇਡਾ ਵੱਲੋਂ ਉਕਤ ਧਮਕੀ ਅਤੇ ਹਵਾਬਾਜ਼ੀ ਲਈ ਕਿਸੇ ਵੀ "ਖ਼ਤਰੇ" ਨੂੰ "ਬਹੁਤ ਗੰਭੀਰਤਾ ਨਾਲ" ਲੈਣ ਦਾ ਸਵਾਗਤ ਕੀਤਾ ਹੈ।


 ਉਨ੍ਹਾਂ ਕਿਹਾ ਕਿ ਫਲਾਈਟਾਂ ਬਾਰੇ ਦਿੱਤੀ ਗਈ ਧਮਕੀ ਦੀ ਗੰਭੀਰਤਾ ਨੂੰ ਕੈਨੇਡਾ ਤੋਂ ਵੱਧ ਕੌਣ ਜਾਣ ਸਕਦਾ ਹੈ, ਜਿਸ ਦੀ ਸਰਜ਼ਮੀਨ ’ਤੇ 1985 ’ਚ ਏਅਰ ਇੰਡੀਆ ਦੀ ’ਕਨਿਸ਼ਕ’ ਨੂੰ ਉਡਾਉਂਦਿਆਂ 331 ਲੋਕਾਂ ਨੂੰ ਮੌਤ ਦੇ ਘਾਟ ਉਡਾ ਦਿੱਤੇ ਜਾਣ ਦੀ ਪੀੜਾ ਹੰਢਾ ਚੁਕਾ ਹੋਵੇ। ਉਨ੍ਹਾਂ ਕਿਹਾ ਕਿ ਪੰਨੂ ਦੀ ਭਾਰਤੀ ਏਅਰਲਾਈਨ ਏਅਰ ਇੰਡੀਆ ਦੀ ਫਲਾਈਟਾਂ ਬਾਰੇ ਧਮਕੀ ਕਨਿਸ਼ਕ ਬੰਬ ਕਾਂਡ ਨਾਲ ਪੀੜਤ 329 ਕੈਨੇਡੀਅਨ ਨਾਗਰਿਕਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ।


ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਪਾਕਿਸਤਾਨ ਦੇ ਇਸ਼ਾਰੇ ’ਤੇ ਕੈਨੇਡਾ ਤੋਂ ਭਾਰਤ ਵਿਰੋਧੀ ਖਾਲਿਸਤਾਨੀ ਮੁਹਿੰਮ ਜਲਾ ਰਿਹਾ ਹੈ। ਪੰਨੂ ਵੱਲੋਂ ਆਈ ਐਸ ਆਈ ਤੋਂ ਫ਼ੰਡ ਹਾਸਲ ਕਰਨ ਬਾਰੇ ਨਸ਼ਰ ਹੋਏ ਖ਼ੁਲਾਸੇ ਤੋਂ ਬਾਅਦ ਕੈਨੇਡਾ ਸਰਕਾਰ ਨੂੰ ਪੰਨੂ ਅਤੇ ਐਸ ਐਫ ਜੇ ’ਤੇ ਅਤਿਵਾਦੀ ਸੰਗਠਨ ਦੇ ਰੂਪ ’ਚ ਤੁਰੰਤ ਪਾਬੰਦੀ ਲਾ ਦੇਣੀ ਚਾਹੀਦੀ ਹੈ। ਉਸ ਨੂੰ ਕਿਸੇ ਵੀ ਹਾਲਤ ਵਿਚ ਭਾਰਤ ਦੀ ਪ੍ਰਭੁਸਤਾ ਅਤੇ ਖੇਤਰੀ ਏਕਤਾ ਅਖੰਡਤਾ ਨੂੰ ਖ਼ਤਰੇ ’ਚ ਪਾਉਣ ਦੀ ਖੁੱਲ ਨਹੀਂ ਦਿੱਤੀ ਜਾਣੀ ਚਾਹੀਦੀ ।