ਪੰਥਕ ਏਕਤਾ ਦਾ ਫਾਰਮੂਲਾ! ਭਾਈ ਹਵਾਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਈ ਰਾਜੋਆਣਾ ਹੋਣ ਕੇਸਗੜ੍ਹ ਸਾਹਿਬ ਦੇ ਜਥੇਦਾਰ
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਪੰਥਕ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋਣ ਮਗਰੋਂ ਪਟਿਆਲਾ ਦੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ..

Punjab News: ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਪੰਥਕ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋਣ ਮਗਰੋਂ ਪਟਿਆਲਾ ਦੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਦੀ ਚਰਚਾ ਛਿੜੀ ਹੋਈ ਹੈ। ਜਥੇਦਾਰ ਗੜਗੱਜ ਵੱਲੋਂ ਵੀ ਭਾਈ ਰਾਜੋਆਣਾ ਨਾਲ ਮੁਲਾਕਾਤ ਕਰਨ ਮਗਰੋਂ ਕਿਹਾ ਸੀ ਕਿ ਉਹ ਇਸ ਨਿਯਕਤੀ ਦੇ ਹੱਕ ਵਿੱਚ ਹਨ। ਹੁਣ ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਦੇਣ ਦੀ ਮੰਗ ਉੱਠੀ ਹੈ।
ਦਰਅਸਲ 2015 ਵਿੱਚ ਸਰਬੱਤ ਖਾਲਸਾ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਅੱਜ ਵੀ ਸਿੱਖਾਂ ਦਾ ਇੱਕ ਧੜਾ ਭਾਈ ਹਵਾਰਾ ਨੂੰ ਹੀ ਜਥੇਦਾਰ ਮੰਨਦਾ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਮਾਨਤਾ ਨਹੀਂ ਦਿੱਤੀ ਗਈ। ਹੁਣ ਜਥੇਦਾਰ ਗੜਗੱਜ ਦੇ ਵਿਰੋਧ ਤੇ ਭਾਈ ਰਾਜੋਆਣਾ ਨੂੰ ਜਥੇਦਾਰ ਬਣਾਉਣ ਦੀ ਚਰਚਾ ਵਿਚਾਲੇ ਭਾਈ ਹਵਾਰਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਦੇਣ ਦੀ ਮੰਗ ਉੱਠੀ ਹੈ।
ਇਸ ਸਬੰਧੀ ਲੰਘੇ ਦਿਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਇੱਕ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਬਣੀ ਦੁਬਿਧਾ ਵਾਲੀ ਸਥਿਤੀ ਨੂੰ ਦੂਰ ਕਰਨ ਲਈ ਲਈ 2015 ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਮਾਨਤਾ ਦਿੱਤੀ ਜਾਵੇ। ਇਹ ਪੱਤਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਹੈ।
ਇਨ੍ਹਾਂ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਬੂਟਾ ਸਿੰਘ, ਜਤਿੰਦਰ ਸਿੰਘ ਈਸੜੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰਜੀਤ ਸਿੰਘ, ਅਖੰਡ ਕੀਰਤਨੀ ਜਥੇ ਤੋਂ ਭਾਈ ਹਾਕਮ ਸਿੰਘ, ਨਿਰਮਲੇ ਸੰਤਾਂ ਵੱਲੋਂ ਬਾਬਾ ਚਮਕੌਰ ਸਿੰਘ ,ਦਮਦਮੀ ਟਕਸਾਲ ਵੱਲੋਂ ਭਾਈ ਮਨਪ੍ਰੀਤ ਸਿੰਘ, ਬਾਬਾ ਰੇਸ਼ਮ ਸਿੰਘ, ਜਸਵਿੰਦਰ ਸਿੰਘ ਘੋਲੀਆ, ਖਾਲੜਾ ਮਿਸ਼ਨ ਸੰਸਥਾ ਵੱਲੋਂ ਸੁਰਿੰਦਰ ਸਿੰਘ ਘਰਿਆਲਾ ਪਰਮਜੀਤ ਸਿੰਘ ਜੱਜੇ ਆਣੀ, ਜਰਨੈਲ ਸਿੰਘ ਸਖੀਰਾ ਦੇ ਨਾਮ ਸ਼ਾਮਲ ਹਨ।
ਜਥੇਬੰਦੀਆਂ ਨੇ ਅੱਜ ਹੋਣ ਵਾਲੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਸੁਝਾਅ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਮਾਨਤਾ ਦੇਵੇ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕਰੇ। ਇਸ ਨਾਲ ਸਿੱਖ ਕੌਮ ਵਿੱਚ ਏਕਤਾ ਦਾ ਰਸਤਾ ਵੀ ਤਿਆਰ ਹੋ ਜਾਵੇਗਾ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ। ਪਹਿਲਾਂ ਇਹ ਮੀਟਿੰਗ 9 ਜੂਨ ਨੂੰ ਹੋਣੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਨਿਯਮਤ ਏਜੰਡਾ ਦੱਸਿਆ ਜਾ ਰਿਹਾ, ਪਰ ਇਸ ਵੇਲੇ ਜਥੇਦਾਰਾਂ ਦੇ ਵਿਵਾਦ ਸਬੰਧੀ ਦਮਦਮੀ ਟਕਸਾਲ ਵੱਲੋਂ ਚੱਲ ਰਹੇ ਵਿਰੋਧ ਦੇ ਮਾਮਲੇ ਨੂੰ ਲੈ ਕੇ ਸਮੁੱਚੇ ਸਿੱਖ ਪੰਥ ਦੀਆਂ ਨਜ਼ਰਾਂ ਸ਼੍ਰੋਮਣੀ ਕਮੇਟੀ ਵੱਲ ਲੱਗੀਆਂ ਹੋਈਆਂ ਹਨ। ਦਮਦਮੀ ਟਕਸਾਲ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਨਵੇਂ ਜਥੇਦਾਰ ਤੇ ਹਟਾਏ ਗਏ ਜਥੇਦਾਰਾਂ ਦੇ ਮਾਮਲੇ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵਿਚਾਲੇ ਦੋ-ਤਿੰਨ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਹਾਲ ਹੀ ਵਿੱਚ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਤੋਂ ਬਾਅਦ ਦਮਦਮੀ ਟਕਸਾਲ ਨੇ ਇਸੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਦੇ ਬਾਹਰ 11 ਜੂਨ ਨੂੰ ਰੱਖੇ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਮੀਟਿੰਗ ਤੋਂ ਬਾਅਦ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸਪਸ਼ਟ ਕੀਤਾ ਸੀ ਕਿ ਮੀਟਿੰਗ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਹੀ ਜਥੇਦਾਰਾਂ ਵਾਲਾ ਮਾਮਲਾ ਹੱਲ ਕਰ ਲਿਆ ਜਾਵੇਗਾ। ਇਸ ਕਾਰਨ ਸਮੁੱਚੇ ਪੰਥ ਦੀਆਂ ਨਜ਼ਰਾਂ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਇਸ ਸਬੰਧੀ ਅਗਲੇ ਫੈਸਲੇ ’ਤੇ ਲੱਗੀਆਂ ਹੋਈਆਂ ਹਨ।
ਉਧਰ ਸ਼੍ਰੋਮਣੀ ਕਮੇਟੀ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਫਿਲਹਾਲ ਮੀਟਿੰਗ ਦੇ ਏਜੰਡੇ ਵਿੱਚ ਅਜਿਹਾ ਕੋਈ ਵੀ ਮਾਮਲਾ ਸ਼ਾਮਲ ਨਹੀਂ ਪਰ ਪ੍ਰਧਾਨ ਦੀ ਇੱਛਾ ਦੇ ਅਨੁਸਾਰ ਮੀਟਿੰਗ ਦੇ ਏਜੰਡੇ ਵਿੱਚ ਐਨ ਆਖਰੀ ਮੌਕੇ ਵੀ ਕਿਸੇ ਵੀ ਤਰ੍ਹਾਂ ਦੀ ਅਜਿਹੀ ਮੱਦ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਵਿਚਾਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਤੇ ਕਾਰਜ ਖੇਤਰ ਦਾ ਵਿਧੀ ਵਿਧਾਨ ਤਿਆਰ ਕਰਨ ਸਬੰਧੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਕੋਲੋਂ ਵਿਚਾਰ ਤੇ ਰਾਏ ਮੰਗੀ ਗਈ ਸੀ। ਸ਼੍ਰੋਮਣੀ ਕਮੇਟੀ ਕੋਲ ਪੁੱਜ ਚੁੱਕੀ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਗਲੀ ਪ੍ਰਕਿਰਿਆ ਤਹਿਤ ਸਿੱਖ ਵਿਦਵਾਨਾਂ ਦੀ ਕਮੇਟੀ ਬਨਾਏ ਜਾਣ ਦੀ ਯੋਜਨਾ ਹੈ। ਮੀਟਿੰਗ ਵਿੱਚ ਇਸ ਮਾਮਲੇ ਤੇ ਵੀ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ।






















