ਅੰਮ੍ਰਿਤਸਰ: ਬੀਤੇ ਦਿਨੀਂ ਸੰਤ ਫ੍ਰਾਂਸਿਸ ਸਕੂਲ, ਅੰਮ੍ਰਿਤਸਰ ਕੈਂਟ ਦੇ ਵਿਦਿਆਰਥੀਆਂ ਦੇ ਮਾਪੇ ਸਕੂਲ ਫੀਸ ਮੁਆਫੀ ਨੂੰ ਲੈ ਕੇ ਸਕੂਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ।ਪ੍ਰਦਰਸ਼ਨਕਾਰੀਆਂ ਦੇ ਵੱਡੇ ਇਕੱਠ ਨੇ ਸਕੂਲ ਦੇ ਬਾਹਰ ਦੀ ਸਾਰੀ ਸੜਕ ਜਾਮ ਕਰ ਦਿੱਤੀ।ਮੁਜਾਹਰਾਕਾਰੀ ਸਕੂਲ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ।
ਇਸ ਦੌਰਾਨ ਸਕੂਲ ਦੇ ਅੰਦਰ ਹੀ ਬਣੇ ਸੰਤ ਫ੍ਰਾਂਸਿਸ ਚਰਚ ਵਿੱਚ ਸੰਤ ਫ੍ਰਾਂਸਿਸ ਦੀ ਫੀਸਟ ਦਾ ਪ੍ਰੋਗਰਾਮ ਵੀ ਸੀ।ਈਸਾਈ ਭਾਈਚਾਰੇ ਦੇ ਲੋਕ ਇਸ ਦਿਨ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।ਪਰ ਸਕੂਲ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਸੰਗਤਾਂ ਨੂੰ ਗਿਰਜਾਘਰ ਅੰਦਰ ਜਾਣ ਤੋਂ ਹੀ ਰੋਕ ਦਿੱਤਾ।
ਇਸ ਮਗਰੋਂ ਸਥਿਤੀ ਤਣਾਅਪੂਰਨ ਹੋ ਗਈ ਅਤੇ ਈਸਾਈ ਭਾਈਚਾਰਾ ਜੋ ਸੰਤ ਫ੍ਰਾਂਸਿਸ ਦੀ ਫੀਸਟ ਮਨਾਉਣ ਪਹੁੰਚਿਆ ਸੀ ਨੇ ਵੀ ਧਰਨ ਦੇ ਰਹੇ ਲੋਕਾਂ ਦੇ ਵਿਰੋਧ 'ਚ ਚੌਂਕ ਜਾਮ ਕਰ ਦਿੱਤਾ।ਈਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਸੰਗਤਾਂ ਨੂੰ ਗਿਰਜਾ ਘਰ ਅੰਦਰ ਜਾਣ ਤੋਂ ਰੋਕ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਢਾਹ ਲਾਈ ਹੈ।
ਚਰਚ ਦੇ ਉੱਪ-ਪ੍ਰਧਾਨ ਅਭਿਸ਼ੇਕ ਗਿੱਲ ਨੇ ਕਿਹਾ, "ਵਿਦਿਆਰਥੀਆਂ ਦੇ ਮਾਪੇ ਸਕੂਲ ਫੀਸ ਮਾਫੀ ਲਈ ਪ੍ਰਦਰਸ਼ਨ ਕਰ ਰਹੇ ਸੀ।ਉਹ ਮੇਨ ਗੇਟ ਅੱਗੇ ਬੈਠ ਗਏ ਅਤੇ ਚਰਚ ਜਾਂਦੀਆਂ ਸੰਗਤਾਂ ਨੂੰ ਰੋਕ ਲਿਆ। ਜਿਸ ਮਗਰੋਂ ਸੰਗਤਾਂ ਵੀ ਚੌਂਕ ਜਾਮ ਕਰਨ ਲਈ ਮਜਬੂਰ ਹੋ ਗਈਆਂ।"
ਚੌਂਕ ਜਾਮ ਹੋਣ ਮਗਰੋਂ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ।ਪੁਲਿਸ ਨੇ ਗੇਟ ਅੱਗੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਅਤੇ ਚਰਚ ਅੰਦਰ ਦਾਖਲ ਹੋਣ ਦਾ ਰਸਤਾ ਸਾਫ ਕਰਵਾਇਆ।
ਅਭਿਸ਼ੇਕ ਗਿੱਲ ਨੇ ਕਿਹਾ, "ਅਸੀਂ ਕਿਸੇ ਵੀ ਧਰਮ ਦੇ ਖਿਲਾਫ਼ ਨਹੀਂ, ਮਾਪੇ ਸਕੂਲ ਪ੍ਰਸ਼ਾਸਨ ਖਿਲਾਫ ਜਿਨ੍ਹਾਂ ਮਰਜ਼ੀ ਪ੍ਰਦਰਸ਼ਨ ਕਰਨ ਸਾਨੂੰ ਕੋਈ ਫਰਕ ਨਹੀਂ।ਪਰ ਚਰਚ ਜਾਣ ਵਾਲੀ ਸੰਗਤ ਨੂੰ ਰੋਕ ਕੇ ਇਨ੍ਹਾਂ ਨੇ ਠੀਕ ਨਹੀਂ ਕੀਤਾ।ਇਸ ਨਾਲ ਸਾਡੀਆਂ ਧਾਰਮਿਕ ਭਾਵਨਾਂ ਨੂੰ ਢਾਹ ਲਗੀ ਹੈ।ਈਸਾਈ ਲੋਕ ਕਿਸੇ ਦਾ ਵੀ ਬੁਰਾ ਨਹੀਂ ਕਰਦੇ, ਪਰ ਨਜਾਇਜ਼ ਧੱਕ ਵੀ ਨਹੀਂ ਸਹਿ ਸਕਦੇ।"
ਗਿੱਲ ਨੇ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਰੋਹ ਫੀਸ ਮੁਆਫ ਕਰਵਾਉਣ ਆਏ ਮਾਪਿਆਂ ਖਿਲਾਫ ਨਹੀਂ ਸੀ।ਸਗੋਂ ਉਨ੍ਹਾਂ ਲੋਕਾਂ ਖਿਲਾਫ ਸੀ ਜਿਨ੍ਹਾਂ ਨੇ ਸੰਗਤਾਂ ਨੂੰ ਧਾਰਮਿਕ ਅਸਥਾਨ ਅੰਦਰ ਦਾਖਿਲ ਹੋਣ ਤੋਂ ਰੋਕਿਆ ਸੀ।
ਦਰਅਸਲ, ਸੰਤ ਫ੍ਰਾਂਸਿਸ ਦੀ ਫੀਸਟ ਨੂੰ ਲੈਕੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਸੀ।ਜਿਸ ਵਿੱਚ ਕੈਥੋਲਿਕ ਚਰਚ ਦੇ ਕਈ ਫਾਦਰ ਅਤੇ ਬਿਸ਼ਪ ਨੇ ਵੀ ਸ਼ਾਮਲ ਹੋਣਾ ਸੀ।ਇਸ ਲਈ ਫੀਸ ਮਾਫ ਕਰਵਾਉਣ ਲਈ ਵਿਦਿਆਰਥੀਆਂ ਦੇ ਮਾਪੇ ਸਕੂਲ ਬਾਹਰ ਪਹੁੰਚ ਗਏ ਤਾਂ ਜੋ ਸਕੂਲ ਦੇ ਸੀਨੀਅਰ ਅਧਿਕਾਰੀਆਂ ਤੱਕ ਗੱਲ ਪਹੁੰਚਾਈ ਜਾ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ