Stubble War: ਪਰਾਲੀ ਸਾਂਭਣ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀਆਂ ਜਾਂਦੀਆਂ ਮਸ਼ੀਨਾਂ 'ਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗਰਾਰੀ ਫਸ ਗਈ ਹੈ। ਆਪ ਦੇ ਬੁਲਾਰੇ ਮਾਲਵਿੰਦ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ 1.40 ਲੱਖ ਮਸ਼ੀਨਾਂ ਸਬਸਿਡੀ 'ਤੇ ਦਿੱਤੀਆਂ ਹਨ।
ਜਿਸ ਦਾ ਵਿਰੋਧ ਕਰਦੇ ਹੋਏ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜਾ ਅੰਕੜਾ ਜਾਰੀ ਕਰ ਰਹੀ ਹੈ ਇਹ ਪਿਛਲੇ 6 ਸਾਲ ਦਾ ਹੈ। ਪਿਛਲੀ ਸਰਕਾਰ ਵੱਲੋਂ ਜਾਰੀ ਕੀਤੀਆਂ ਮਸ਼ੀਨਾਂ ਦੀ ਗਿਣਤੀ ਵੀ ਮਾਨ ਸਰਕਾਰ ਆਪਣੇ ਕਾਜਕਾਲ ਵਿੱਚ ਜੋੜ ਰਹੀ ਹੈ।
ਦਰਅਸਲ ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਖ ਵੱਖ ਰਾਜਾਂ ਸਮੇਤ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ। ਜਿਸ ਤੋਂ ਬਾਅਦ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ ਕਿ - ਪਰਾਲ਼ੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਅੱਜ ਮਾਣਯੋਗ ਸੁਪਰੀਮ ਵੱਲੋਂ ਕੀਤੀ ਗਈ ਟਿੱਪਣੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਦੂਸ਼ਣ ਲਈ ਪੰਜਾਬ ਇਕੱਲਾ ਜਿੰਮੇਵਾਰ ਨਹੀਂ
ਮਾਨ ਸਰਕਾਰ ਵੱਲੋਂ ਪਰਾਲ਼ੀ ਸਾਂਭਣ ਲਈ 1.40 ਲੱਖ ਮਸ਼ੀਨਾਂ ਸਬਸਿਡੀ ‘ਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ। ਪਿਛਲੇ ਸਾਲ ਹੀ ਅੱਗ ਲਗਾਉਣ ਦੀਆਂ ਘਟਨਾਵਾਂ ‘ਚ 30% ਦੀ ਕਮੀ ਆਈ ਸੀ
ਇਸ ਟਵੀਟ ਤੋਂ ਬਾਅਦ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਟਵੀਟ ਕਰਕੇ ਕਿਹਾ ਕਿ - ਮਾਲਵਿੰਦਰ ਕੰਗ ਜੀ, ਮਾਨ ਸਰਕਾਰ ਨੇ 1.40 ਲੱਖ ਮਸ਼ੀਨਾਂ ਸਬਸਿਡੀ 'ਤੇ ਕਿਸਾਨਾਂ ਨੂੰ ਨਹੀਂ ਦਿੱਤੀਆਂ, ਪਿਛਲੇ 6 ਸਾਲ ਵਿੱਚ ਪੰਜਾਬ ਸਰਕਾਰ ਨੇ 1.40 ਲੱਖ ਮਸ਼ੀਨਾਂ ਦਿੱਤੀਆਂ। ਮਸ਼ੀਨਾਂ ਦਾ ਇਹ ਅੰਕੜਾ 6 ਸਾਲ ਦਾ ਹੈ।
ਅਸੀਂ ਇਸ ਮਸਲੇ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰ ਤੁਹਾਨੂੰ ਦਰੁਸਤ ਕਰਨਾ ਚਾਹੁੰਦੇ ਹਾਂ ਕਿ ਪਰਾਲੀ ਦਾ ਹੱਲ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਨਹੀਂ, ਕਿਸਾਨ ਪਹਿਲਾਂ ਹੀ ਜਾਗਰੂਕ ਹਨ। ਸਵਾਲ ਹੈ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪਰਾਲੀ ਦੇ ਹੱਲ ਲਈ ₹2500/ਏਕੜ ਮੁਆਵਜ਼ੇ ਦੀ ਗੱਲ ਕਰਦੀ ਸੀ ਤੇ ਹੁਣ ਤੁਸੀਂ ਉਸ ਤੋਂ ਭੱਜ ਰਹੇ ਹੋ।
ਕਿਸਾਨ ਹਰ ਸਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਲਿਆ ਰਹੇ ਹਨ। ਕਿਸਾਨਾਂ ਨੂੰ ਹੋਰ ਸਹੂਲਤਾਂ ਦੀ ਜ਼ਰੂਰਤ ਹੈ ਪਰ ਤੁਸੀਂ ਕਿਸਾਨਾਂ ਤੇ ਪਰਚੇ ਦਰਜ ਕਰ ਰਹੇ ਹੋ।