Jalandhar News: ਪੰਜਾਬ ਵਿੱਚ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ। ਇੱਕ ਪਾਸੇ ਸੱਤਾਧਿਰ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ਨੂੰ ਉਲਝਾਉਣ ਲਈ ਰਵਾਇਤੀ ਪਾਰਟੀਆਂ ਨੂੰ ਦੋਸ਼ੀ ਠਹਿਰਾ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਲੀਡਰ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੇ ਹਨ। ਹੁਣ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਤਿੱਖਾ ਵਾਰ ਕਰਦਿਆਂ ਪੰਜਾਬੀਆਂ ਨੂੰ ਚੌਕਸ ਵੀ ਕੀਤਾ ਹੈ।



ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬੀਓ, ਹੱਥਾਂ ਨਾਲ ਤਾੜੀਆਂ ਮਾਰਨ ਦਾ ਸਮਾਂ ਨਹੀਂ, ਹੱਥ ਜੋੜਣ ਦਾ ਸਮਾਂ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਕਰਨਾਟਕ ਵਾਂਗ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਰਾਜ ਦੀਆਂ ਸਿਆਸੀ ਧਿਰਾਂ ਇੱਕਜੁੱਟਤਾ ਦੇ ਨਾਲ ਹੀ ਦੇ ਸਕਦੀਆਂ ਹਨ। 


 


ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ.....
ਸਮੂਹ ਪੰਜਾਬੀਆਂ ਨਾਲ ਇਹ 2 ਮਹੀਨੇ ਪਹਿਲਾਂ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ। ਕਰਨਾਟਕਾ ਦੀ ਸਰਕਾਰ ਨੇ ਪਾਣੀਆਂ ਦੇ ਮਸਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਆਪਸੀ ਵਿਰੋਧ ਪੈਦਾ ਕਰਨ ਦੀ ਬਜਾਏ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਈ, ਜਿਸ ਵਿੱਚ ਓਹ ਪਾਣੀਆਂ ਦੇ ਹੱਕ ਬਚਾਉਣ ਲਈ ਇੱਕਜੁੱਟ ਹੋ ਕੇ ਅਗਲੀ ਰਣਨੀਤੀ ਬਣਾ ਰਹੇ ਹਨ। ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਰਾਜ ਦੀਆਂ ਸਿਆਸੀ ਧਿਰਾਂ ਇੱਕਜੁੱਟਤਾ ਦੇ ਨਾਲ ਹੀ ਦੇ ਸਕਦੀਆਂ ਹਨ।


ਇਸ ਨੂੰ ਧਿਆਨ ਨਾਲ ਦੇਖੋ। ਇਹ ਸਮੇਂ ਦੀ ਜ਼ਰੂਰਤ ਹੈ। ਪੰਜਾਬੀਓ, ਹੱਥਾਂ ਨਾਲ ਤਾੜੀਆਂ ਮਾਰਨ ਦਾ ਸਮਾਂ ਨਹੀਂ, ਹੱਥ ਜੋੜਣ ਦਾ ਸਮਾਂ ਹੈ।









ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਪਾਣੀਆਂ ਤੇ ਹੋਰ ਮੁੱਦਿਆਂ ਉੱਪਰ ਬਹਿਸ ਕਰਵਾਈ ਸੀ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਦਿੱਤਾ ਸੀ ਪਰ ਕੋਈ ਵੀ ਨਹੀਂ ਪਹੁੰਚਿਆ ਸੀ। ਇਸ ਮਗਰੋਂ ਸੱਤਾਧਿਰ ਤੇ ਵਿਰੋਧੀਆਂ ਵਿਚਾਲੇ ਸ਼ਬਦੀ ਜੰਗ ਜਾਰੀ ਹੈ।


ਇਸ ਬਾਰੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ‘ਮੈਂ ਪੰਜਾਬ ਬੋਲਦਾਂ ਹਾਂ’ ਬਹਿਸ ਸੂਬੇ ਨੂੰ ਦਰਪੇਸ਼ ਸੰਜੀਦਾ ਮਸਲਿਆਂ ਉਤੇ ਚਰਚਾ ਕਰਨ ਲਈ ਰੱਖੀ ਗਈ ਸੀ ਪਰ ਵਿਰੋਧੀ ਪਾਰਟੀਆਂ ਦੇ ਹੱਥ ਉਨ੍ਹਾਂ ਤੇ ਸੂਬਾ ਸਰਕਾਰ ਖਿਲਾਫ ਬੋਲਣ ਲਈ ਕੁਝ ਵੀ ਨਾ ਹੋਣ ਕਰਕੇ ਇਹ ਪਾਰਟੀਆਂ ਬਹਿਸ ਕਰਨ ਤੋਂ ਭੱਜ ਗਈਆਂ। ਉਨ੍ਹਾਂ ਕਿਹਾ ਸੀ, “ਇਹ ਲੀਡਰ ਬੀਤੇ 25 ਦਿਨ ਤੋਂ ਮੇਰੇ ਤੇ ਮੇਰੀ ਸਰਕਾਰ ਦੇ ਖਿਲਾਫ਼ ਇਕ ਵੀ ਕਮੀ ਨਹੀਂ ਲੱਭ ਸਕੇ, ਜਿਸ ਕਰਕੇ ਪੰਜਾਬ ਨਾਲ ਜੁੜੇ ਮਸਲਿਆਂ ਉਤੇ ਮੇਰਾ ਸਾਹਮਣਾ ਕਰਨ ਦੀ ਜੁਅੱਰਤ ਨਾ ਸਕੇ।”