Illegal mining: ਪੰਜਾਬ 'ਚ ਰੇਤ ਮਾਫ਼ੀਆ ਦੀਆਂ ਪਰਤਾਂ ਖੋਲ੍ਹਦੀ ABP News  ਦੀ ਰਿਪੋਰਟ 'ਚ ਵੱਡੇ ਖੁਲਾਸੇ ਹੋਏ ਹਨ ਜਿਸ ਵਿੱਚ ਪਤਾ ਲੱਗਿਆ ਹੈ ਕਿ ਜਗਦੀਸ਼ ਭੋਲੇ ਦੀ ਉਸ ਜ਼ਮੀਨ ਉੱਤੇ ਮਾਇਨਿੰਗ ਹੋ ਰਹੀ ਹੈ ਜੋ ਈਡੀ ਵੱਲੋਂ ਜ਼ਬਤ ਕੀਤੀ ਹੋਈ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਪ ਸਰਕਾਰ ਬੁਰੀ ਤਰ੍ਹਾਂ ਨਾਲ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ ਪਰ ਆਪ ਸਰਕਾਰ ਦੇ ਮੰਤਰੀ ਇਸ ਨੂੰ ਵੀ ਪੁਰਾਣੀਆਂ ਸਰਕਾਰਾਂ ਉੱਤੇ ਹੀ ਸੁੱਟ ਰਹੇ ਹਨ।


ਇਸ ਮਾਮਲੇ ਨੂੰ ਲੈ ਕੇ ਜਲੰਧਰ ਕੈਂਟ ਤੋਂ ਵਿਧਾਇਕ ਪਗਰਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੰਤਰੀ ਮੀਤ ਹੇਅਰ ਦੇ ਮੁਤਾਬਿਕ ਗੈਰ-ਕਾਨੂੰਨੀ ਮਾਇਨਿੰਗ ਦੇ ਇਹ 30 ਫੁੱਟ ਦੇ ਖੱਡੇ 4-5 ਸਾਲ ਪਹਿਲਾਂ ਦੇ ਹਨ, ਇਸ ਜਗ੍ਹਾ ਤੇ ਟਾਇਰਾਂ ਦੇ ਹਜ਼ਾਰਾਂ ਤਾਜ਼ੇ ਨਿਸ਼ਾਨ ਮੰਤਰੀ ਨੂੰ ਦਿਖ ਨਹੀਂ ਰਹੇ ਜਾਂ ਇਹ ਵੀ 4-5 ਸਾਲ ਪੁਰਾਣੇ ਹਨ? ਹਰ ਗੱਲ ਪੁਰਾਣੀਆਂ ਸਰਕਾਰਾਂ ਤੇ ਸੁੱਟਣ ਦੇ ਬਹਾਨੇ ਨਾਲ ਬਹੁਤਾ ਸਮਾਂ ਲੋਕਾਂ ਤੋਂ ਸੱਚ ਲੁਕੋਇਆ ਨਹੀਂ ਜਾ ਸਕਦਾ।






ਜਦੋਂ ਇਸ ਗ਼ੈਰ ਕਾਨੂੰਨੀ ਮਾਈਨਿੰਗ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਧਿਆਨ 'ਚ ਕੋਈ ਗੜਬੜੀ ਆਉਂਦੀ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਫਿਰ ਚਾਹੇ ਸਰਕਾਰ ਦਾ ਬੰਦਾ ਕਿਉਂ ਨਾ ਹੋਵੇ ਉਸ 'ਤੇ ਵੀ ਐਕਸ਼ਨ ਲਵਾਂਗੇ। 25-25 ਫੁੱਟ ਕੀਤੀ ਮਾਈਨਿੰਗ ਬਾਰੇ ਪੁੱਛਣ 'ਤੇ ਮੀਤ ਹੇਅਰ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਹੋ ਸਕਦਾ ਹੈ ਕਿ ਇਹ 4 ਜਾਂ 5 ਸਾਲਾਂ ਪਹਿਲਾਂ ਤੋਂ ਹੁੰਦਾ ਆ ਰਿਹਾ ਹੋ।


ਜ਼ਿਕਰ ਕਰ ਦਈਏ ਕਿ ਜਿਸ ਥਾਂ 'ਤੇ ਗ਼ੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਜ਼ਮੀਨ ਆਨੰਦਪੁਰ ਸਾਹਿਬ ਹਲਕੇ ਦੀ 142 ਕਨਾਲ ਹੈ ਯਾਨੀ 18 ਏਕੜ ਹੈ। ਇਹ ਜ਼ਮੀਨ 6000 ਕਰੋੜ ਦੇ ਅੰਤਰਰਾਸ਼ਟਰੀ ਡਰੱਗ ਦੇ ਸਰਗਨਾ ਜਗਦੀਸ਼ ਭੋਲਾ ਦੀ ਹੈ। ਜਿਸ ਨੂੰ ਈਡੀ ਨੇ ਜ਼ਬਤ ਕੀਤਾ ਸੀ।  7 ਸਾਲ ਪਹਿਲਾਂ ਈਡੀ ਨੇ ਇਸ ਜ਼ਮੀਨ 'ਤੇ ਕਾਰਵਾਈ ਕੀਤੀ ਸੀ ਅਤੇ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਮੌਕੇ 'ਤੇ ਜ਼ਮੀਨ ਦੀ ਹਾਲਤ ਦੇਖ ਕੇ ਇਵੇਂ ਲੱਗਦਾ ਹੈ ਕਿ ਰੇਤ ਮਾਫ਼ੀਆ ਕਾਫ਼ੀ ਲੰਬੇ ਸਮੇਂ ਤੋਂ ਇਸ ਜ਼ਮੀਨ 'ਚ ਮਾਈਨਿੰਗ ਕਰ ਰਿਹਾ ਹੈ।