ਬਠਿੰਡਾ: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਨਿਰਾਸ਼ਾ ਦਾ ਮਾਹੌਲ ਹੈ। ਅਜਿਹੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੜ ਸਰਗਰਮ ਹੋਏ ਹਨ। ਉਹ ਅਕਾਲੀ ਲੀਡਰਾਂ ਤੇ ਵਰਕਰਾਂ ਦਾ ਮਨੋਬਲ ਵਧਾ ਰਹੇ ਹਨ। ਬਾਦਲ ਦਾ ਕਹਿਣਾ ਹੈ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਐਮਰਜੈਂਸੀ ਬਾਅਦ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਏ ਸਨ।

ਦੱਸ ਦਈਏ ਕਿ ਚੋਣਾਂ ਵਿੱਚ ਲੋਕਾਂ ਨੇ ਸੁਖਬੀਰ ਬਾਦਲ ਦੀ ਅਗਵਾਈ ਨੂੰ ਨਕਾਰੇ ਜਾਣ ਮਗਰੋਂ ਪ੍ਰਕਾਸ਼ ਸਿੰਘ ਬਾਦਲ ਸਰਗਰਮ ਹੋ ਗਏ ਹਨ। ਇਸ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਕਰ ਰਹੇ ਹਨ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬਾਦਲ ਹਲਕਾ ਲੰਬੀ ਵਿੱਚ ਬਦਲਾਅ ਦੀ ਲਹਿਰ ਤਹਿਤ 11,361 ਵੋਟਾਂ ਦੇ ਫਰਕ ਨਾਲ ਹਾਰੇ ਹਨ।

ਸੂਬੇ ਵਿੱਚ ਬੇਹੱਦ ਮਜ਼ਬੂਤ ਤੇ ਵੱਡਾ ਕਾਡਰ ਹੋਣ ਦੇ ਬਾਵਜੂਦ ਤਿੰਨ ਸੀਟਾਂ ਤੱਕ ਸਿਮਟ ਜਾਣਾ ਨਾਲ ਅਕਾਲੀ ਦਲ ਲਈ ਚੰਗਾ ਸੰਕੇਤ ਨਹੀਂ। ਜ਼ਮੀਨੀ ਤੱਥ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਤਾਣਾ-ਬਾਣਾ ਪਿੰਡ ਬਾਦਲ ਵਿੱਚ ਹਲਕਾਵਾਰ ਲੀਡਰਸ਼ਿਪ ਨਾਲ ਵੱਡੀਆਂ ਮੀਟਿੰਗ ਤੇ ‘ਨਿੱਕ ਨੇਮ’ ਜੁੰਡਲੀ ਤੱਕ ਸੀਮਤ ਰਹਿ ਗਿਆ।

ਐਤਵਾਰ ਨੂੰ ਧੰਨਵਾਦੀ ਦੌਰੇ ਮੌਕੇ ਅੱਧੀ ਦਰਜਨ ਪਿੰਡਾਂ ਵਿੱਚ ਲੋਕਾਂ ਦੇ ਮੁਖਾਤਬ ਹੁੰਦਿਆਂ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਐਮਰਜੈਂਸੀ ਬਾਅਦ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਏ ਸਨ। ਲੋਕਾਂ ਨੇ ਬਦਲਾਅ ਦੀ ਚਾਹਤ ਨਾਲ ‘ਆਪ’ ਦੀ ਸਰਕਾਰ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਝੂਠੇ ਵਾਅਦਿਆਂ ਵਾਲੀ ਕਾਂਗਰਸ ਸਰਕਾਰ ਵਾਂਗ ‘ਆਪ’ ਸਰਕਾਰ ਵੀ ਵੱਡੇ ਵਾਅਦਿਆਂ ਨਾਲ ਵਜੂਦ ਵਿੱਚ ਆਈ ਹੈ ਤੇ ਹੁਣ ਸਮਾਂ ਦੱਸੇਗਾ ਕਿ ਸਰਕਾਰ ਆਪਣੇ ਵਾਅਦਿਆਂ ’ਤੇ ਖਰੀ ਉੱਤਰਦੀ ਹੈ ਜਾਂ ਨਹੀਂ।