Parkash Singh Badal appeared in the court on Thursday, granted bail by Additional Chief Judicial Magistrate of Hoshiarpur


ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ੀ ਭੁਗਤੀ। ਬਾਅਦ ਵਿੱਚ ਹੁਸ਼ਿਆਰਪੁਰ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਵਿੱਚ ਕਥਿਤ ਤੌਰ ’ਤੇ ਜਾਅਲਸਾਜ਼ੀ ਕਰਨ ਸਬੰਧੀ ਦਰਜ ਕੇਸ ਦਾ ਹੈ।


ਇਸ ਕੇਸ ਵਿੱਚ ਬਾਦਲ ਹੁਸ਼ਿਆਰਪੁਰ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਏ ਤੇ ਜ਼ਮਾਨਤਨਾਮਾ ਦਾਖ਼ਲ ਕੀਤਾ। ਉਨ੍ਹਾਂ ਵੱਲੋਂ ਇੱਕ ਲੱਖ ਰੁਪਏ ਦਾ ਜ਼ਮਾਨਤ ਬਾਂਡ ਭਰਿਆ ਗਿਆ। ਪਿੰਡ ਬਾਹੋਵਾਲ ਦੇ ਅਮਰੀਕ ਸਿੰਘ ਨੇ ਇੰਨੀ ਹੀ ਰਕਮ ਦੀ ਜਾਮਨੀ ਭਰੀ ਹੈ।


ਦੱਸ ਦਈਏ ਕਿ ਬੁੱਧਵਾਰ ਨੂੰ ਬਾਦਲ ਦੇ ਵਕੀਲਾਂ ਨੇ ਵਧੀਕ ਸੈਸ਼ਨ ਜੱਜ ਜੇਪੀ ਐਸ ਖੁਰਮੀ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਸ਼ਿਕਾਇਤਕਰਤਾ ਧਿਰ ਨੂੰ 2 ਮਾਰਚ ਲਈ ਨੋਟਿਸ ਜਾਰੀ ਕਰਦਿਆਂ ਅਪੀਲਕਰਤਾ ਨੂੰ ਟਰਾਇਲ ਕੋਰਟ ਸਾਹਮਣੇ ਪੇਸ਼ ਹੋ ਕੇ ਜ਼ਮਾਨਤੀ ਬਾਂਡ ਭਰਨ ਦੀ ਹਦਾਇਤ ਕੀਤੀ ਸੀ।


ਯਾਦ ਰਹੇ ਹੁਸ਼ਿਆਰਪੁਰ ਦੇ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ’ਤੇ ਪਾਰਟੀ ਸੰਵਿਧਾਨ ਵਿੱਚ ਹੇਰਾਫੇਰੀ ਕਰਨ ਤੇ ਮੁੱਖ ਚੋਣ ਕਮਿਸ਼ਨ ਕੋਲ ਗਲਤ ਦਸਤਾਵੇਜ਼ ਪੇਸ਼ ਕਰਕੇ ਰਾਜਨੀਤਕ ਪਾਰਟੀ ਵਜੋਂ ਮਾਨਤਾ ਲੈਣ ਦੇ ਦੋਸ਼ ਲਾਉਂਦਿਆਂ ਇਹ ਕੇਸ ਦਾਇਰ ਕੀਤਾ ਹੈ। ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੁਲਾਰੇ ਦਲਜੀਤ ਸਿੰਘ ਚੀਮਾ ਪਹਿਲਾਂ ਹੀ ਆਪਣੀਆਂ ਜ਼ਮਾਨਤਾਂ ਕਰਵਾ ਚੁੱਕੇ ਹਨ।


ਕੇਸ ਨੂੰ ਖਾਰਜ ਕਰਨ ਲਈ ਚੀਮਾ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਪਾਈ ਗਈ ਸੀ ਪਰ ਪਿਛਲੇ ਸਾਲ ਅਗਸਤ ’ਚ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਮਗਰੋਂ ਟਰਾਇਲ ਕੋਰਟ ਵੱਲੋਂ ਪਾਰਟੀ ਆਗੂਆਂ ਨੂੰ ਦੁਬਾਰਾ ਸੰਮਨ ਭੇਜੇ ਗਏ ਸਨ।


ਸੀਨੀਅਰ ਬਾਦਲ ਨੂੰ ਉਨ੍ਹਾਂ ਦੀ ਬਜ਼ੁਰਗ ਅਵਸਥਾ ਹੋਣ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਗਈ ਸੀ ਪਰ ਕਾਨੂੰਨ ਮੁਤਾਬਕ ਜ਼ਮਾਨਤ ਲੈਣ ਲਈ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋਣਾ ਪੈਣਾ ਸੀ। ਟਰਾਇਲ ਕੋਰਟ ਵਿੱਚ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਤੈਅ ਹੈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸੇ ਦਿਨ ਬਾਦਲ ਜ਼ਮਾਨਤ ਕਰਵਾਉਣ ਲਈ ਆਉਣਗੇ ਪਰ ਉਨ੍ਹਾਂ ਵੱਲੋਂ ਪਹਿਲਾਂ ਹੀ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।


ਸ਼ਿਕਾਇਤਕਰਤਾ ਤੇ ਉਨ੍ਹਾਂ ਦੇ ਵਕੀਲ ਹਿਤੇਸ਼ ਪੁਰੀ ਨੂੰ ਉਸ ਸਮੇਂ ਕਾਫ਼ੀ ਹੈਰਾਨੀ ਹੋਈ ਜਦੋਂ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਬਾਦਲ ਸਵੇਰੇ 10 ਵਜੇ ਤੋਂ ਪਹਿਲਾਂ ਹੀ ਜ਼ਮਾਨਤ ਸਬੰਧੀ ਕਾਰਵਾਈ ’ਚ ਹਿੱਸਾ ਲੈ ਕੇ ਵਾਪਸ ਜਾ ਚੁੱਕੇ ਸਨ। ਖੇੜਾ ਨੇ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਨੂੰ ਖਾਸ ਤਰਜੀਹ ਦਿੱਤੀ ਗਈ।


ਜ਼ਿਕਰਯੋਗ ਹੈ ਕਿ ਪਿਛਲੀਆਂ ਪੇਸ਼ੀਆਂ ਦੌਰਾਨ ਪਾਰਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਪੇਸ਼ ਹੁੰਦੇ ਰਹੇ ਸਨ ਪਰ ਬੀਤੇ ਦਿਨੀਂ ਖੇੜਾ ਵਲੋਂ ਉਠਾਏ ਇਤਰਾਜ਼ ਤੋਂ ਬਾਅਦ ਧਾਮੀ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਥਾਂ ’ਤੇ ਵਕੀਲ ਬੀਐਸ ਸੋਬਤੀ ਤੇ ਵਕੀਲ ਹਰਜੋਤ ਕੰਵਲ ਪੇਸ਼ ਹੋਏ।



ਇਹ ਵੀ ਪੜ੍ਹੋ: UP Election 2022: 5ਵੇਂ ਪੜਾਅ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ, CM ਯੋਗੀ ਪ੍ਰਯਾਗਰਾਜ ਤੇ ਪ੍ਰਿਯੰਕਾ ਗਾਂਧੀ ਅਮੇਠੀ 'ਚ ਕਰਨਗੇ ਪ੍ਰਚਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904