Parkash Singh Badal Passes Away : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਹੋਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ।
ਮਾਇਆਵਤੀ ਨੇ ਵੀ ਕੀਤਾ ਦੁੱਖ ਪ੍ਰਗਟ
ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਬਸਪਾ ਮੁਖੀ ਮਾਇਆਵਤੀ ਨੇ ਵੀ ਟਵੀਟ ਕੀਤਾ, "ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਲੰਮਾ ਸਨਮਾਨਜਨਕ ਸਿਆਸੀ ਸਫ਼ਰ ਸੀ, ਦੇ ਅੱਜ ਦੇਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਸਾਰਿਆਂ ਨਾਲ ਨਾਲ ਮੇਰੀ ਡੂੰਘੀ ਹਮਦਰਦੀ।" 'ਪੰਜਾਬ ਦੀ ਖ਼ਾਤਰ ਜ਼ਿੰਦਗੀ ਦੇ 17 ਸਾਲ ਜੇਲ੍ਹ 'ਚ ਕੱਟੇ' ਦੂਜੇ ਪਾਸੇ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਕਿਹਾ, "ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣਾ ਸਾਰਾ ਜੀਵਨ ਪੰਜਾਬ ਅਤੇ ਦੇਸ਼ ਦੀ ਸੇਵਾ ਵਿੱਚ ਲਗਾ ਦਿੱਤਾ। ਬਾਦਲ ਸਾਹਿਬ ਨੇ ਪੰਜਾਬ ਦੀ ਖ਼ਾਤਰ ਆਪਣੀ ਜ਼ਿੰਦਗੀ ਦੇ 17 ਸਾਲ ਜੇਲ੍ਹ ਵਿੱਚ ਕੱਟੇ। ਨੈਲਸਨ ਮੰਡੇਲਾ ਤੋਂ ਬਾਅਦ ਉਹ ਦੂਜੇ ਸਿਆਸੀ ਕੈਦੀ ਸਨ ,ਜਿਨ੍ਹਾਂ ਨੇ ਇੰਨੇ ਸਾਲ ਜੇਲ੍ਹ ਵਿੱਚ ਬਿਤਾਏ ਸਨ। ਅੱਜ ਉਨ੍ਹਾਂ ਦੀ ਮੌਤ 'ਤੇ ਪੂਰੇ ਪੰਜਾਬ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।