ਚੰਡੀਗੜ੍ਹ:  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਚੁੱਪੀ ਤੋੜਦਿਆਂ ਅੱਜ ਪਹਿਲੀ ਵਾਰ ਬੇਅਦਬੀ ਦੇ ਗੋਲ਼ੀਕਾਂਡ ਮਾਮਲਿਆਂ ਬਾਰੇ ਆਪਣਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਤੇ ਕਿਤੇ ਵੀ ਗੋਲ਼ੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਬੇਹੱਦ ਨੀਵੇਂ ਪੱਧਰ ਦੀ ਤੇ ਇਤਰਾਜ਼ਯੋਗ ਸ਼ਬਦਾਵਲੀ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ। ਮੁੱਖ ਮੰਤਰੀ ਕੈਪਟਨ ਵੱਲੋ ਉਹਾਂ ਨੂੰ ਬੁਜ਼ਦਿਲ, ਬਦਮਾਸ਼, ਝੂਠਾ ਤੇ ਬੇਭਰੋਸੇਯੋਗ ਕਹਿਣ ਬਾਰੇ ਬਾਦਲ ਨੇ ਕਿਹਾ ਕਿ ਸੀਐਮ ਵੱਲੋਂ ਵਰਤੇ ਗੈਰ ਇਖ਼ਲਾਕੀ ਤੇ ਤਹਿਜ਼ੀਬ ਤੋ ਸੱਖਣੇ ਸ਼ਬਦਾਂ ਦੀ ਵਰਤੋਂ ਨਾਲ ਹਰ ਸੂਝਵਾਨ ਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪੁੱਜੀ ਹੈ ਪਰ ਉਹ ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਤੇ ਮੌਕਾ ਪ੍ਰਸਤ ਵਿਅਕਤੀ ਇਹੀ ਆਸ ਰੱਖ ਸਕਦੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਅਕਤੂਬਰ 2015 ਵਿੱਚ ਪੁਲਿਸ ਵੱਲੋ ਗੋਲੀ ਚਲਾਉਣ ਸਬੰਧੀ ਬਾਦਲ ਨੇ ਕਿਹਾ ਇਸ ਘਟਨਾ ਦੌਰਾਨ ਉਨ੍ਹਾਂ ਦੇ ਮਨ ’ਤੇ ਭਾਰੀ ਬੋਝ ਤੇ ਤਣਾਅ ਸੀ। ਅੱਧੀ ਰਾਤ ਤੋ ਬਾਅਦ ਤਕ ਵੀ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਮੁਖੀ ਨਾਲ ਸੰਪਰਕ ਵਿੱਚ ਰਹੇ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਦੀ ਸਰਕਾਰ ਨੇ ਮਾਹੌਲ ਸ਼ਾਂਤ ਰੱਖਣ ਤੇ ਵੱਖ-ਵੱਖ ਭਾਈਚਾਰਿਆਂ ’ਚ ਆਪਸੀ ਤਣਾਅ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤਾ ਸੀ। ਉਨ੍ਹਾਂ ਗੱਲਬਾਤ ਨਾਲ ਸਥਿਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਸਨ ਤੇ ਕਦੀ ਗੋਲ਼ੀ ਚਲਾਉਣ ਬਾਰੇ ਗੱਲ ਨਹੀਂ ਹੋਈ। ਉਸ ਸਮੇਂ ਵੱਖ-ਵੱਖ ਸੰਗਠਨਾਂ ਤੇ ਪਾਰਟੀਆਂ ਦੀ ਮੰਗ ’ਤੇ ਉਨ੍ਹਾਂ ਦੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤੇ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਉਨ੍ਹਾਂ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ ਪਰ ਨਵੀਂ ਸਰਕਾਰ ਨੇ ਉਨ੍ਹਾਂ ਦੀ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਸਾਜਿਸ਼ ਕਰਦਿਆਂ ਕੋਟਕਪੂਰਾ ਤੇ ਬਹਿਬਲ ਕਲਾਂ ਸਬੰਧੀ ਜਾਂਚ ਲਈ ਇਕ ਹੋਰ ਕਮਿਸ਼ਨ ਬਣਾ ਦਿੱਤਾ, ਜਿਸ ਦਾ ਸਿੱਧਾ ਮਤਲਬ ਇਸ ਸਾਰੇ ਘਟਨਾਕ੍ਰਮ ’ਚ ਬਾਦਲ ਸਰਕਾਰ ਤੇ ਅਕਾਲੀ ਦਲ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰਨਾ ਸੀ। ਜਾਰੀ ਬਿਆਨ ਵਿੱਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ, ਉਹ ਪਾਰਟੀ ਬੇਅਦਬੀ ਦੇ ਪਾਪ ਦੀ ਭਾਗੀ ਹੈ ਜੋ ਕਿ 1984 ਵਿੱਚ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਹਰਮਿੰਦਰ ਸਾਹਿਬ ’ਤੇ ਹਮਲੇ ਰਾਹੀਂ ਕੀਤੀ ਗਈ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨਾਲ ਖਿਲਵਾੜ ਨਾ ਕਰਨ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਬਤੌਰ ਮੁੱਖ ਮੰਤਰੀ ਜੋ ਕੁਝ ਵੀ ਕੀਤਾ, ਉਹ ਪੰਜਾਬ ਦੀ ਸ਼ਾਂਤੀ, ਅਮਨ ਤੇ ਸਭ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਹੀ ਕੀਤਾ। ਬਾਦਲ ਨੇ ਕਿਹਾ ਜੋ ਲੋਕ ਵਿਧਾਨ ਸਭਾ ਵਿੱਚ ਸਿੱਖੀ ਦੇ ਚੈਂਪੀਅਨ ਦਾ ਢਕੌਚ ਕਰ ਰਹੇ ਸਨ, ਉਹ 72 ਘੰਟਿਆਂ ਅੰਦਰ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਹਨ। ਉਹ ਤਾਂ ਆਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੂ ਨੂੰ ਵੀ “ਇੰਦਰਾ ਜੀ” ਕਹਿ ਕੇ ਸਤਿਕਾਰ ਨਾਲ ਬਲਾਉਂਦੇ ਰਹੇ ਤੇ ਉਨ੍ਹਾਂ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਦਿੱਤੀ ਸੀ।