Parkash Singh Badal slammed the central government for imposing central rules on Chandigarh employees


ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਸਰਕਾਰ ਉੱਪਰ ਵਰ੍ਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ਉੱਪਰ ਕੇਂਦਰੀ ਨਿਯਮ ਲਾਗੂ ਕਰਨ ਦੀ ਤਿੱਖੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ ਹੈ। ਹੁਣ ਉਹ ਮੁਕੰਮਲ ਤੌਰ 'ਤੇ ਚੰਡੀਗੜ੍ਹ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।


ਚੋਣਾਂ ਤੋਂ ਬਾਅਦ ਧੰਨਵਾਦੀ ਦੌਰਾ ਕਰ ਰਹੇ ਬਾਦਲ ਨੇ ਪਿੰਡ ਮਹੂਆਣਾ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਚੰਡੀਗੜ੍ਹ 'ਤੇ ਕੇਂਦਰ ਵਾਲੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ ਹੈ। ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੀ। ਜਦੋਂ ਪੰਜਾਬ ਦੀ ਵੰਡ ਵੇਲੇ ਚੰਡੀਗੜ੍ਹ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤਾਂ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਅੱਧੇ ਮੁਲਾਜ਼ਮ ਹੋਣਗੇ। ਫਿਰ ਇੱਥੋਂ ਉਹ ਵੀ ਵਾਪਸ ਕਰ ਦਿੱਤੇ। ਹੁਣ ਕੇਂਦਰੀ ਰੂਲ ਲਾਗੂ ਕਰਕੇ ਚੰਡੀਗੜ੍ਹ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।


ਦੂਜੇ ਪਾਸੇ ਕੋਲਾ ਸੰਕਟ ਨਾਲ ਬਿਜਲੀ ਦੀ ਕਮੀ ਬਾਰੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਸਰਪਲੱਸ ਸੀ। ਹੁਣ ਇਸ ਨਵੀਂ ਸਰਕਾਰ ਨੇ ਝੂਠ ਮਾਰ ਕੇ ਸਰਕਾਰ ਬਣਾ ਲਈ ਹੈ। ਹੁਣ ਅੱਗੇ ਦੇਖਣਾ ਹੈ ਕਿ ਕੀ ਬਣਦਾ ਹੈ।


ਦੱਸ ਦਈਏ ਕਿ ਲੰਘੀਆਂ ਚੋਣਾਂ ਵਿੱਚ ਹਾਰ ਦੇ ਬਾਵਜੂਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿੱਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਉਨ੍ਹਾਂ ਨੇ ਹਲਕੇ ਦੇ ਪਿੰਡ ਸੇਰਾਵਾਲੀ, ਢਾਣੀਆਂ ਤੇਲਈਆਂ, ਮਹੂਆਣਾ, ਆਦਿ ਪਿੰਡਾਂ ਵਿੱਚ ਦੌਰਾ ਕਰਕੇ ਲੋਕਾ ਦਾ ਧੰਨਵਾਦ ਕੀਤਾ।


ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰੀ ਇਸ ਹਲ਼ਕੇ ਨਾਲ ਪਰਿਵਾਰਕ ਸਾਂਝ ਹੈ। ਬੇਸ਼ੱਕ ਜਿੱਤ ਹਾਰ ਬਣੀ ਹੈ ਤੇ ਤੁਸੀਂ ਕਿਸੇ ਗੱਲ ਨੂੰ ਦਿਲ 'ਤੇ ਨਹੀਂ ਲਾਉਣਾ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਮਾਰ ਕੇ ਸਰਕਾਰ ਬਣਾ ਲਈ ਸੀ। ਹੁਣ ਇਨ੍ਹਾਂ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਹੈ। ਇਸ ਦਾ ਪੂਰਾ ਕੰਮ ਦਿੱਲੀ ਤੋਂ ਚੱਲਦਾ ਹੈ।


ਇਹ ਵੀ ਪੜ੍ਹੋ: 24 ਕੈਰੇਟ ਸੋਨੇ ਦੀ ਚਾਹ ਦੀ ਕੀਮਤ ਸੁਣ ਕੇ ਹੋ ਜਾਵੋਗੇ ਹੈਰਾਨ, ਜਾਣੋ ਇਸ ਚਾਹ 'ਚ ਖਾਸੀਅਤ