ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖੇਮੇ ਵਿੱਚੋਂ ਪਹਿਲੀ ਵਾਰ ਕਿਸੇ ਆਗੂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ 'ਤੇ 'ਪਛਤਾਵਾ' ਜ਼ਾਹਰ ਕੀਤਾ ਹੈ। ਅਕਾਲੀ ਦਲ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਸੰਭਾਵਿਤ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਨੂੰ ਜਾਪਦਾ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣਾ ਭੁੱਲ ਸੀ।


ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਢੀਂਡਸਾ ਨੇ ਕਿਹਾ ਕਿ ਇਹ ਮੰਨਣ ਵਿੱਚ ਕੋਈ ਹਰਜ ਨਹੀਂ ਕਿ ਸਰਕਾਰਾਂ ਕਈ ਵਾਰ ਗਲਤ ਫ਼ੈਸਲੇ ਵੀ ਲੈ ਲੈਂਦੀਆਂ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਮਸਲੇ ’ਤੇ ਬਹਿਸ ਦੀ ਲੋੜ ਨਹੀਂ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਮਗਰੋਂ ਅਕਾਲੀ ਦਲ ਦੇ ਪੰਜਾਬ ਵਿੱਚੋਂ ਅਜਿਹੇ ਪੈਰ ਉੱਖੜੇ ਹਨ ਕਿ ਹਾਲਾਤ ਹਾਲੇ ਤਕ ਠੀਕ ਨਹੀਂ ਹੋਏ। ਢੀਂਡਸਾ ਦੇ ਬਿਆਨ ਤੋਂ ਜਾਪਦਾ ਹੈ ਕਿ ਅਕਾਲੀ ਦਲ ਪਿਛਲੇ ਸਾਲ ਗੁੱਝੇ ਰੂਪ ਵਿੱਚ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾਉਣ ਮਗਰੋਂ, ਹੁਣ ਖੁੱਲ੍ਹੇਆਮ 'ਪਸ਼ਚਾਤਾਪ' ਨਾਲ ਲੋਕਾਂ ਦਾ ਗੁੱਸਾ ਕੁਝ ਘੱਟ ਕਰ ਸਕਦਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਇਹ ਵੀ ਕਿਹਾ ਕਿ ਹੌਲੀ-ਹੌਲੀ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਬਾਰੇ ਸੱਚ ਵੀ ਲੋਕਾਂ ਦੇ ਸਾਹਮਣੇ ਆ ਰਿਹਾ ਹੈ। ਕੋਈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਅਕਾਲੀਆਂ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਸਆਈਟੀ ਸਾਹਮਣੇ ਸੁਖਬੀਰ ਸਿੰਘ ਬਾਦਲ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਉਹ ਕੋਈ ਮਾਨਤਾ ਨਹੀਂ ਦਿੰਦੇ।