ਚੰਡੀਗੜ੍ਹ: ਆਖਰ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਨੇ ਵੀ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹ ਹੀ ਲਿਆ ਹੈ। ਹੁਣ ਤੱਕ ਉਹ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਕੰਨੀ ਕਤਰਾ ਸਨ ਪਰ ਵਿਧਾਇਕ ਦਲ ਦੀ ਲੀਡਰੀ ਛੱਡਣ ਮਗਰੋਂ ਪਰਮਿੰਦਰ ਢੀਂਡਸਾ ਨੇ ਅੱਜ ਪਹਿਲੀ ਵਾਰ ਸਪਸ਼ਟ ਕੀਤਾ ਕਿ ਅਕਾਲੀ ਦਲ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਜਿਸ ਮੁੱਦੇ ਨੂੰ ਲੈ ਕੇ ਅਸਤੀਫਾ ਦਿੱਤਾ ਸੀ, ਉਸੇ ਨੂੰ ਮੁੱਖ ਰੱਖ ਕਿ ਮੈਂ ਵੀ ਪਿੱਛੇ ਹਟਿਆ ਹਾਂ। ਉਨ੍ਹਾਂ ਕਿਹਾ ਕਿਸਿਧਾਂਤਕ ਤੌਰ 'ਤੇ ਜਿਨ੍ਹਾਂ ਲੀਹਾਂ ਨੂੰ ਲੈ ਕੇ ਅਕਾਲੀ ਦਲ ਬਣਾਇਆ ਗਿਆ ਸੀ, ਉਨ੍ਹਾਂ ਲੀਹਾਂ 'ਤੇ ਦੁਬਾਰਾ ਅਕਾਲੀ ਦਲ ਨੂੰ ਤੋਰਨ ਲਈ ਸੁਖਦੇਵ ਸਿੰਘ ਢੀਂਡਸਾ ਨੇ ਬੀੜਾ ਚੁੱਕਿਆ ਹੈ। ਇਸ ਲਈ ਹੁਣ ਮੈਂ ਵੀ ਉਨ੍ਹਾਂ ਦੇ ਨਾਲ ਹਾਂ।
ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੀਆਂ ਨੀਤੀਆਂ ਬਾਰੇ ਪਰਮਿੰਦਰ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ। ਗੱਲ ਸਿਧਾਂਤ ਦੀ ਹੈ। ਮੈਨੂੰ ਤੇ ਢੀਂਡਸਾ ਸਾਹਿਬ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ। ਅਸੀ ਇਹ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇ। ਜਿਸ ਸੋਚ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਥਾਪਤ ਹੋਇਆ ਸੀ, ਉਸ ਸੋਚ ਨੂੰ ਅਪਣਾ ਕੇ ਸਾਰੇ ਚੱਲੀਏ। ਇਸ ਨਾਲ ਹੀ ਅਕਾਲੀ ਦਲ ਮਜਬੂਤ ਹੋਏਗਾ।
ਉਨ੍ਹਾਂ ਕਿਹਾ ਕਿ ਵੱਡੇ ਢੀਂਡਸਾ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਕਦੇ ਵੀ ਸਵਾਲ ਖੜ੍ਹੇ ਨਹੀਂ ਕੀਤੇ। ਉਨ੍ਹਾਂ ਨੇ ਸਿਸਟਮ ਦੀ ਗੱਲ ਕੀਤੀ ਸੀ। ਉਹ ਵੀ ਅੰਦਰੂਨੀ ਜਮਹੂਰੀਅਤ ਨੂੰ ਪਾਰਟੀ ਵਿੱਚ ਬਹਾਲ ਕਰਨਾ ਚਾਹੁੰਦੇ ਹਨ। ਅਕਾਲੀ ਦਲ ਨੇ ਸਾਨੂੰ ਬਹੁਤ ਮਾਨ ਦਿੱਤਾ ਹੈ।
ਯਾਦ ਰਹੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਕਾਫੀ ਸਮੇਂ ਤੋਂ ਕਹਿ ਰਹੇ ਹਨ ਕਿ ਅਕਾਲੀ ਦਲ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਹੈ। ਇਹ ਪਰਿਵਾਰ ਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਨਾਲ ਪੰਥਕ ਸੰਕਟ ਖੜ੍ਹਾ ਹੋ ਰਿਹਾ ਹੈ।
ਉਧਰ, ਪਰਮਿੰਦਰ ਢੀਂਡਸਾ ਦੇ ਬਾਗੀ ਤੇਵਰਾਂ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਸੁਖਬੀਰ ਬਾਦਲ ਹੁਣ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜਿੰਨੇ ਵੀ ਟਕਸਾਲੀ ਲੀਡਰਾਂ ਨੇ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕਿਆ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਸਿਰਫ ਸੁਖਦੇਵ ਸਿੰਘ ਢੀਂਡਸਾ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਨਰਮ ਸਨ।
ਆਖਰ ਮੈਦਾਨ 'ਚ ਨਿੱਤਰੇ ਪਰਮਿੰਦਰ ਢੀਂਡਸਾ, ਪਹਿਲੀ ਵਾਰ ਕਹੀ ਵੱਡੀ ਗੱਲ
ਏਬੀਪੀ ਸਾਂਝਾ
Updated at:
05 Jan 2020 06:02 PM (IST)
ਆਖਰ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਨੇ ਵੀ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹ ਹੀ ਲਿਆ ਹੈ। ਹੁਣ ਤੱਕ ਉਹ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਕੰਨੀ ਕਤਰਾ ਸਨ ਪਰ ਵਿਧਾਇਕ ਦਲ ਦੀ ਲੀਡਰੀ ਛੱਡਣ ਮਗਰੋਂ ਪਰਮਿੰਦਰ ਢੀਂਡਸਾ ਨੇ ਅੱਜ ਪਹਿਲੀ ਵਾਰ ਸਪਸ਼ਟ ਕੀਤਾ ਕਿ ਅਕਾਲੀ ਦਲ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ।
- - - - - - - - - Advertisement - - - - - - - - -