ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਢੀਂਡਸਾ ਪਰਿਵਾਰ ਦੇ ਫਰਜ਼ੰਦ 'ਦੁਚਿੱਤੀ' ਵਿੱਚ ਹਨ ਕਿ ਪਿਤਾ ਦੀ ਸਲਾਹ ਮੰਨੀ ਜਾਵੇ ਜਾਂ ਪਾਰਟੀ ਪ੍ਰਧਾਨ ਦੀ 'ਇੱਛਾ ਪੂਰਤੀ' ਕੀਤੀ ਜਾਵੇ। ਪਰਮਿੰਦਰ ਢੀਂਡਸਾ ਦੀ ਇਹ ਦੁਚਿੱਤੀ ਪਾਰਟੀ ਪ੍ਰਧਾਨ ਦੇ ਸਾਹਵੇਂ ਵੀ ਜ਼ਾਹਰ ਹੋਈ। ਢੀਂਡਸਾ ਕਹਿੰਦੇ ਹਨ ਉਹ ਚੋਣ ਲੜਨਾ ਨਹੀਂ ਚਾਹੁੰਦੇ ਪਰ ਪਾਰਟੀ ਦੀ ਵੀ ਮੰਨ ਸਕਦੇ ਹਨ।


ਸੰਗਰੂਰ ਲੋਕ ਸਭਾ ਹਲਕੇ ਦੇ ਦੌਰੇ ਲਈ ਪਹੁੰਚੇ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਨਾਲ ਮੁਲਾਕਾਤ ਕੀਤੀ। ਜਦ ਬਾਦਲ ਤੋਂ ਸੁਖਦੇਵ ਢੀਂਡਸਾ ਦੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਇਹੋ ਕਿਹਾ ਕਿ ਢੀਂਡਸਾ ਉਨ੍ਹਾਂ ਦੇ ਪਿਤਾ ਸਮਾਨ ਹਨ। ਪਦਮਸ਼੍ਰੀ ਮਿਲਣ ਮਗਰੋਂ ਵੀ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਦਾ ਗੁੱਸਾ ਘੱਟ ਨਹੀਂ ਹੋਇਆ ਤੇ ਉਨ੍ਹਾਂ ਆਪਣੇ ਪਰਿਵਾਰ ਨੂੰ ਵੀ ਚੋਣ ਲੜਨ ਤੋਂ ਵਰਜਿਆ ਹੋਇਆ ਹੈ। ਇਸ ਲਈ ਬਾਦਲ ਨੇ ਪਰਮਿੰਦਰ ਢੀਂਡਸਾ ਨੂੰ ਮਨਾਉਣ ਦਾ ਰੁਖ਼ ਕੀਤਾ ਹੈ ਪਰ ਉਹ ਵੀ ਦੁਚਿੱਤੀ ਵਿੱਚ ਹਨ।

ਵਿਧਾਇਕ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਜੇ ਪਾਰਟੀ ਕਹਿੰਦੀ ਹੈ ਤਾਂ ਉਹ ਚੋਣ ਮੈਦਾਨ ਵਿੱਚ ਉੱਤਰ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਕੀ ਪਰਮਿੰਦਰ ਢੀਂਡਸਾ ਪਿਤਾ ਤੋਂ ਆਕੀ ਹੁੰਦੇ ਹਨ ਜਾਂ ਪਾਰਟੀ ਦੀ ਰਜ਼ਾ ਵਿੱਚ ਰਾਜ਼ੀ ਹੁੰਦੇ ਹਨ।