ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਹੁਣ ਪਟਿਆਲਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਭਾਰਤ ਦੀ ਸੰਸਦ ਵਿੱਚ ਕਰਨਗੇ। ਪਰਨੀਤ ਕੌਰ ਨੇ ਪਟਿਆਲਾ ਤੋਂ 1,62,718‬ ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ। ਸੰਸਦ ਦੀ ਦੇਹਲੀ ਪੈਰ ਧਰਨ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜਾਬ ਨੂੰ ਸਰਹੱਦੀ ਖੇਤਰ ਦੇ ਆਧਾਰ 'ਤੇ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ। ਜਿੱਤ ਦੀ ਪ੍ਰਾਪਤੀ ਮਗਰੋਂ ਜਿੱਥੇ ਪਰਨੀਤ ਕੌਰ ਨੇ ਸੂਬੇ ਵਿੱਚ ਕਾਂਗਰਸ ਦੇ ਮਿਸ਼ਨ 13 ਦੇ ਫੇਲ੍ਹ ਹੋਣ ਦੇ ਬਾਵਜੂਦ ਸਫਲ ਦੱਸਿਆ, ਉੱਥੇ ਹੀ ਘੱਟ ਸੀਟਾਂ ਆਉਣ ਲਈ ਨਵਜੋਤ ਸਿੱਧੂ ਦੇ ਵਿਭਾਗ ਦੀ ਮੰਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ।


'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਕਰਦਿਆਂ ਪਰਨੀਤ ਕੌਰ ਨੇ ਬਠਿੰਡਾ ਦੀ ਹਾਰ ਲਈ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਗ਼ਲਤ ਬਿਆਨ ਦਾ ਅਸਰ ਪੈਂਦਾ ਹੈ ਪਰ ਰਾਜਾ ਵੜਿੰਗ ਨੇ ਹਰਸਿਮਰਤ ਨੂੰ ਚੰਗਾ ਮੁਕਾਬਲਾ ਦਿੱਤਾ। ਪਰਨੀਤ ਕੌਰ ਨੇ ਕਿਹਾ ਕਿ ਜੇ ਕੋਈ ਗ਼ਲਤੀ ਕਰੇ ਤਾਂ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੇ ਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਲੈਂਦਿਆਂ ਕਿਹਾ ਕਿ ਕਿਤੇ ਕੋਈ ਫਰੈਂਡਲੀ ਮੈਚ ਨਹੀਂ। ਪਰ ਸਿੱਧੂ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਹ ਉਹੀ ਜਾਣਦੇ।

ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦਾ ਸ਼ਹਿਰੀ ਇਲਾਕਿਆਂ 'ਚ ਪ੍ਰਦਰਸ਼ਨ ਠੀਕ ਨਹੀਂ ਰਿਹਾ, ਜਿਸ ਦਾ ਖਾਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਿਆ। ਸਿੱਧੂ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਝੁਕਾਅ ਬਾਰੇ ਬੋਲਦਿਆਂ ਪਰਨੀਤ ਕੌਰ ਨੇ ਕਿਹਾ ਕਿ ਇੱਛਾਵਾਂ ਸਾਰਿਆਂ ਦੀਆਂ ਹੁੰਦੀਆਂ ਹਨ, ਪਰ ਉਸ ਨੂੰ ਹਾਸਲ ਕਰਨ ਦਾ ਤਰੀਕਾ ਹੁੰਦਾ ਹੈ। ਸਿੱਧੂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ। ਉਨ੍ਹਾਂ ਕੈਪਟਨ ਵੱਲੋਂ ਲੋਕ ਸਭਾ ਉਮੀਦਵਾਰ ਹਾਰਨ 'ਤੇ ਮੰਤਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਫੁਰਮਾਨ ਬਾਰੇ ਕਿਹਾ ਕਿ ਅਸਤੀਫ਼ਿਆਂ ਬਾਰੇ ਸੀਐਮ ਤੇ ਹਾਈਕਮਾਨ ਹੀ ਫੈਸਲਾ ਕਰਨਗੇ।