Punjab News: ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵੀ ਕਾਂਗਰਸ ਤੋਂ ਆਉਟ ਹੋਏਗੀ। ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿਸ ਦਾ ਜਵਾਬ ਪਰਨੀਤ ਕੌਰ ਨੇ ਬੜੀ ਤਲਖੀ ਨਾਲ ਦਿੱਤਾ ਹੈ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਕੋਲ ਪਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਬਚਿਆ। ਸੂਤਰਾਂ ਮੁਤਾਬਕ ਪਾਰਟੀ ਹਾਈ ਕਮਾਨ ਜਲਦ ਹੀ ਪਰਨੀਤ ਕੌਰ ਨੂੰ ਬਾਹਰ ਦਾ ਰਾਹ ਵਿਖਾ ਸਕਦੀ ਹੈ।
ਦੱਸ ਦਈਏ ਕਿ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਪਰਨੀਤ ਕੌਰ ਨੇ ਸੋਮਵਾਰ ਨੂੰ ਪਾਰਟੀ ਹਾਈ ਕਮਾਨ ਦੇ ਨੋਟਿਸ ਦਾ ਜਵਾਬ ਦੇ ਦਿੱਤਾ ਜੋ ਬੇਹੱਦ ਤਲਖੀ ਭਰਿਆ ਸੀ। ਕਾਂਗਰਸ ਦੀ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਸਕੱਤਰ ਤਾਰਿਕ ਅਨਵਰ ਨੂੰ ਆਪਣਾ ਜਵਾਬ ਦਾਖਲ ਕਰਦਿਆਂ ਪਰਨੀਤ ਕੌਰ ਨੇ ਤਾਰਿਕ ਅਨਵਰ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਲਿਖਿਆ, ‘‘ਮੈਂ ਹੈਰਾਨ ਹਾਂ ਕਿ ਜਿਸ ਨੇ ਸ੍ਰੀਮਤੀ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਮੁੱਦੇ ’ਤੇ 1999 ਵਿੱਚ ਕਾਂਗਰਸ ਛੱਡੀ ਸੀ ਤੇ 20 ਸਾਲ ਪਾਰਟੀ ਤੋਂ ਬਾਹਰ ਰਹਿਣ ਕਾਰਨ ਖੁਦ ਵੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਦਾ ਰਿਹਾ, ਉਹ ਸ਼ਖ਼ਸ ਹੁਣ ਅਖੌਤੀ ਅਨੁਸ਼ਾਸਨੀ ਮਾਮਲੇ ’ਤੇ ਮੇਰੇ ’ਤੇ ਸਵਾਲ ਕਰ ਰਿਹਾ ਹੈ?’
ਯਾਦ ਰਹੇ ਕਾਂਗਰਸ ਹਾਈ ਕਮਾਨ ਨੇ ਪਰਨੀਤ ਕੌਰ ਨੂੰ ਮੁਅੱਤਲ ਤਾਂ ਕਰ ਦਿੱਤਾ ਸੀ ਤੇ ਨਾਲ ਹੀ ਨੋਟਿਸ ਜਾਰੀ ਕਰ ਕੇ ਪੁੱਛਿਆ ਸੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤੁਹਾਡੇ ਖ਼ਿਲਾਫ਼ ਬਰਖਾਸਤਗੀ ਦੀ ਕਾਰਵਾਈ ਅਮਲ ’ਚ ਕਿਉਂ ਨਾ ਲਿਆਂਦੀ ਜਾਵੇ। ਇਸ ਦਾ ਜਵਾਬ ਤਿੰਨ ਦਿਨਾਂ ’ਚ ਮੰਗਿਆ ਗਿਆ ਸੀ।
ਕੈਪਟਨ ਦੇ ਪਾਰਟੀ ਛੱਡਣ ਮਗਰੋਂ ਪਰਨੀਤ ਕੌਰ ਕਾਂਗਰਸੀ ਹੀ ਰਹੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਚੌਥੀ ਵਾਰ ਸੰਸਦ ਮੈਂਬਰ ਪਰਨੀਤ ਕੌਰ 2009 ਤੋਂ 2014 ਤੱਕ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ ਹਨ। ਗਾਂਧੀ ਪਰਿਵਾਰ, ਖਾਸ ਕਰਕੇ ਸੋਨੀਆ ਗਾਂਧੀ ਨਾਲ ਪ੍ਰਨੀਤ ਕੌਰ ਦੀ ਵਧੇਰੇ ਨੇੜਤਾ ਮੰਨੀ ਜਾਂਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਪਰਨੀਤ ਕੌਰ ’ਤੇ ਪਤੀ ਵੱਲੋਂ ਬਣਾਈ ਪੀਐਲਸੀ ਤੇ ਫੇਰ ਭਾਜਪਾ ਲਈ ਹੀ ਸਰਗਰਮੀਆਂ ਕਰਨ ਦੇ ਦੋਸ਼ ਲੱਗਦੇ ਰਹੇ ਹਨ।
ਪਰਨੀਤ ਕੌਰ ਨੇ ਲੈਟਰ 'ਚ ਕੀ ਲਿਖਿਆ?
ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ, ‘‘ਪੰਜਾਬ ਦੇ ਜਿਹੜੇ ਕਾਂਗਰਸੀਆਂ ਨੇ ਉਨ੍ਹਾਂ ’ਤੇ ਇਲਜ਼ਾਮ ਲਾਏ ਹਨ, ਇਹ ਉਹ ਲੋਕ ਹਨ, ਜਿਨ੍ਹਾਂ ਖ਼ਿਲਾਫ਼ ਬਹੁਤ ਸਾਰੇ ਮਾਮਲੇ ਬਕਾਇਆ ਹਨ ਤੇ ਉਨ੍ਹਾਂ ਦੇ ਪਤੀ ਨੇ ਇਨ੍ਹਾਂ ਦੀ ਰੱਖਿਆ ਇਸ ਲਈ ਕੀਤੀ ਸੀ ਕਿਉਂਕਿ ਇਹ ਆਪਣੀ ਪਾਰਟੀ ਦੇ ਮੈਂਬਰ ਸਨ।’ ਦੋਸ਼ਾਂ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹ ਹਮੇਸ਼ਾ ਹਲਕਾ ਵਾਸੀਆਂ ਅਤੇ ਪੰਜਾਬ ਦੇ ਮੁੱਦੇ ਉਠਾਉਂਦੇ ਰਹੇ ਹਨ ਕਿਉਂਕਿ ਹਲਕੇ ਦੇ ਨੁਮਾਇੰਦੇ ਦਾ ਇਹ ਫਰਜ਼ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਵਿੱਚ ਕਾਂਗਰਸ ਦੇ ਹਰ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਆਪਣੇ ਖੇਤਰ ਤੇ ਸੂਬੇ ਦੇ ਮਸਲਿਆਂ ਦੇ ਹੱਲ ਲਈ ਕੇਂਦਰੀ ਮੰਤਰੀਆਂ ਨੂੰ ਮਿਲਣਾ ਪੈਂਦਾ ਹੈ। ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਵੀ ਕਾਂਗਰਸ ਸਰਕਾਰ ਨੂੰ ਅਜਿਹਾ ਕਰਨਾ ਪੈ ਰਿਹਾ ਹੈ। ਇਸੇ ਤਰਜ਼ ’ਤੇ ਹੀ ਉਨ੍ਹਾਂ ਨੂੰ ਵੀ ਭਾਜਪਾ ਸਰਕਾਰ ਦੇ ਮੰਤਰੀਆਂ ਤੇ ਹੋਰਾਂ ਨੂੰ ਮਿਲਣਾ ਪੈਂਦਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਗੱਲ ਕਾਂਗਰਸ ਹਾਈ ਕਮਾਨ ਨੂੰ ਪਸੰਦ ਹੋਵੇ ਜਾਂ ਨਾ, ਪਰ ਅਜਿਹੇ ਮਸਲਿਆਂ ਦੇ ਹੱਲ ਲਈ ਉਹ ਭਵਿੱਖ ’ਚ ਵੀ ਕੇਂਦਰ ਸਰਕਾਰ ਨੂੰ ਮਿਲਦੇ ਰਹਿਣਗੇ। ਅਜਿਹੀ ਸੂਰਤ ’ਚ ਉਨ੍ਹਾਂ ਖਿਲਾਫ਼ ਜੋ ਵੀ ਕਾਰਵਾਈ ਕਰਨੀ ਹੋਵੇ, ਕੀਤੀ ਜਾ ਸਕਦੀ ਹੈ।