Punjab News: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਡਿੱਗ ਰਹੀ ਆਰਥਿਕਤਾ ਅਤੇ ਵਿਗੜ ਰਹੀ ਵਿੱਤੀ ਸਿਹਤ ‘ਤੇ ਚਿੰਤਾ ਜ਼ਾਹਰ ਕੀਤੀ ਹੈ । ਬਾਜਵਾ ਨੇ ਕਿਹਾ ਕਿ ਕੰਪਟਰੋਲਰ ਆਡੀਟਰ ਜਨਰਲ (ਕੈਗ) ਵੱਲੋਂ ਪੰਜਾਬ ਦੀ ਵਿੱਤੀ ਸਿਹਤ ਬਾਰੇ ਕੀਤੇ ਗਏ ਖ਼ੁਲਾਸੇ ਸੱਚਮੁੱਚ ਹੈਰਾਨ ਕਰਨ ਵਾਲੇ ਅਤੇ ਡੂੰਘੀ ਚਿੰਤਾ ਦਾ ਕਾਰਨ ਹਨ ।


ਬਾਜਵਾ ਨੇ ਕਿਹਾ, ਭਗਵੰਤ ਮਾਨ ਵੱਲੋਂ ਕੀਤੇ ਗਏ ਵੱਡੇ ਦਾਅਵੇ ਕਿ ਜਦੋਂ ਤੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਹੈ, ਸੂਬੇ ਦੀ ਆਰਥਿਕਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਅਸਲੀਅਤ ਇਸ ਦੇ ਬਿਲਕੁਲ ਉਲਟ ਹੈ । ਕੈਗ ਨੇ ਇਸ ਮੋਰਚੇ ‘ਤੇ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ।


ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਟੀਚੇ ਦੇ ਲਗਭਗ 50% ਕਰਜ਼ੇ ਦੀ ਰਕਮ ਦਾ ਉਧਾਰ ਲੈਕੇ ਕੰਮ ਚਲਾ ਰਹੀ ਹੈ । ਬਕਾਇਆ ਕਰਜ਼ੇ ‘ਤੇ ਵਿਆਜ ਦਾ ਭੁਗਤਾਨ ਕਰਨ ਲਈ ਪਹਿਲੇ ਛੇ ਮਹੀਨਿਆਂ ਵਿੱਚ 11,464 ਕਰੋੜ ਰੁਪਏ ਬਣਦੇ ਹਨ ।


ਬਾਜਵਾ ਨੇ ਕਿਹਾ, ਕਿ ਜਿੱਥੇ ਭਗਵੰਤ ਮਾਨ ਸਰਕਾਰ ਦਾ ਮਾਲੀਆ ਉਗਰਾਹੀ ਸੁੰਗੜ ਰਿਹਾ ਹੈ, ਉੱਥੇ ਹੀ ਇਸ ਦੇ ਖ਼ਰਚੇ ਦਿਨੋ-ਦਿਨ ਵੱਧ ਰਹੇ ਹਨ । ਕੈਗ ਦੀ ਰਿਪੋਰਟ ਅਨੁਸਾਰ ਪਹਿਲੇ ਛੇ ਮਹੀਨਿਆਂ ਵਿੱਚ 8703.32 ਕਰੋੜ ਰੁਪਏ ਦਾ ਮਾਲੀਆ ਘਾਟਾ ਦਿਖਾਈ ਦੇ ਰਿਹਾ ਹੈ।


ਬਾਜਵਾ ਨੇ ਕਿਹਾ ਕਿ ਸੇਲ ਟੈਕਸ ਦੀ ਉਗਰਾਹੀ ਵੀ ਘੱਟ ਗਈ ਹੈ ਜਦਕਿ ਸਟੈਂਪ ਡਿਊਟੀ ਰਾਹੀਂ ਹੋਣ ਵਾਲੀ ਆਮਦਨ ਵੀ ਹੇਠਾਂ ਵੱਲ ਨੂੰ ਦਿਖਾਈ ਦੇ ਰਹੀ ਹੈ।


ਬਾਜਵਾ ਨੇ ਕਿਹਾ, ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲੱਗਭਗ ਠੱਪ ਹੋਣ ਕਾਰਨ ਸਟੈਂਪ ਡਿਊਟੀ ਰਾਹੀਂ ਹੋਣ ਵਾਲਾ ਮਾਲੀਆ ਵੀ ਬਹੁਤ ਘੱਟ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ ਹਰ ਰੋਜ਼ ਹਿਮਾਚਲ ਪ੍ਰਦੇਸ਼ ਜਾਂ ਗੁਜਰਾਤ ਲਈ ਉਡਾਣ ਭਰਨਾ ਪੰਜਾਬ ਲਈ ਚੰਗਾ ਨਹੀਂ ਹੈ, ਜਿਸ ਦੀ ਆਰਥਿਕਤਾ ਤਣਾਅ ਵਿਚ ਹੈ ।


ਬਾਜਵਾ ਨੇ ਕਿਹਾ, ਭਗਵੰਤ ਮਾਨ ਲਈ ਸਮਾਂ ਆ ਗਿਆ ਹੈ ਕਿ ਉਹ ਅਰਥਸ਼ਾਸਤਰੀਆਂ, ਟੈਕਨੋਕਰੇਟਸ ਅਤੇ ਨੌਕਰਸ਼ਾਹਾਂ ਨਾਲ ਬੈਠ ਕੇ ਪੰਜਾਬ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਦੀ ਰਣਨੀਤੀ ‘ਤੇ ਵਿਚਾਰ ਕਰਨ ।


ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕੇਂਦਰ ਸਰਕਾਰ ਤੋਂ ਅਰਥ ਵਿਵਸਥਾਂ ਨੂੰ ਸੁਧਾਰਨ ਲਈ ਕਰੰਸੀ ਨੋਟਾਂ ‘ਤੇ ਹਿੰਦੂ ਦੇਵੀ – ਦੇਵਤਿਆਂ ਦੀਆਂ ਤਸਵੀਰਾਂ ਉਕਰੇ ਜਾਣ ਦੀ ਮੰਗ ਸੋਚਹੀਣ ਅਤੇ ਹਾਸੋਹੀਣੀ ਹੈ । ਸਭ ਤੋਂ ਪਹਿਲਾਂ 2020 ‘ਚ ਭਾਜਪਾ ਦੇ ਸੁਭਰਾਮਨੀਅਮ ਸਵਾਮੀ ਨੇ ਇਹ ਵਿਚਾਰ ਪੇਸ਼ ਕੀਤਾ ਸੀ।