ਅੰਮ੍ਰਿਤਸਰ: ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਜਾਨਲੇਵਾ ਕਰੋਨਾਵਾਇਰਸ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੇ ਵੀ ਅਲਰਟ ਹੁੰਦਿਆਂ ਪਾਸਪੋਰਟ ਬਣਵਾਉਣ ਵਾਲੇ ਲੋਕਾਂ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ।


ਪਾਸਪੋਰਟ ਦਫਤਰ 'ਚ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਦਿਆਂ ਪਾਸਪੋਰਟ ਅਫ਼ਸਰ ਮਨੀਸ਼ ਕਪੂਰ ਨੇ ਕਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਵੇਖਦਿਆਂ ਹੋਇਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਆਪਣਾ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਜਾਂ ਦਫ਼ਤਰ ਆਉਣ। ਉਨ੍ਹਾਂ ਕਿਹਾ ਕਿ ਵੇਖਣ 'ਚ ਆ ਰਿਹਾ ਹੈ ਕਿ ਬੱਚਿਆਂ ਨੂੰ ਸਕੂਲਾਂ ਅੰਦਰ ਛੁੱਟੀਆਂ ਹੋਣ ਕਾਰਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਪਾਸਪੋਰਟ ਬਣਾਉਣ ਲਈ ਅਪਲਾਈ ਕਰ ਰਹੇ ਹਨ। ਜਦਕਿ ਬੱਚਿਆਂ ਦਾ ਪਾਸਪੋਰਟ ਬਣਨ ਮੌਕੇ ਮਾਂ-ਪਿਓ ਦਾ ਵੀ ਪਾਸਪੋਰਟ ਦਫਤਰ ਆਉਣਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਦਫ਼ਤਰ ਅੰਦਰ ਭੀੜ ਵੱਧ ਰਹੀ ਹੈ।

ਇਸ ਮਸਲੇ ਤੇ ਉਨ੍ਹਾਂ ਨੇ ਮਾਪਿਆਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਦਫ਼ਤਰ ਅੰਦਰ ਆਉਣ ਸਮੇਂ, ਫਿੰਗਰ ਪ੍ਰਿੰਟ ਦੇਣ ਤੋਂ ਬਾਅਦ ਅਤੇ ਬਾਹਰ ਨਿਕਲਣ ਸਮੇਂ ਬਿਨੈਕਾਰ ਚੰਗੀ ਤਰ੍ਹਾਂ ਆਪਣੇ ਹੱਥ ਧੋਣ, ਆਪਣਾ ਰੁਮਾਲ ਜ਼ਰੂਰ ਲੈ ਕੇ ਆਉਣ ਤੇ ਹੋ ਸਕੇ ਤਾਂ ਆਪਣੇ ਨਾਲ ਸੈਨੀਟੇਜ਼ਰ ਵੀ ਲੈ ਕੇ ਅਉਣ।

ਪਾਸਪੋਰਟ ਅਫਸਰ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਹੁਣ 3 ਵਾਰ ਅਪਾਇੰਟਮੈਂਟ ਰੀ-ਸ਼ਡਿਊਲ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਬਿਨੈਕਾਰ ਜਿੰਨੀ ਵਾਰ ਮਰਜ਼ੀ ਆਪਣੀ ਅਪਾਇੰਟਮੈਂਟ ਰੀ-ਸ਼ਡਿਊਲ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਣਜੀਤ ਐਵੀਨਿਊ ਦਫਤਰ 'ਚ ਹੁਣ ਇਨਕੁਆਰੀ ਅਗਲੇ ਹੁਕਮਾਂ ਤੱਕ ਬੰਦ ਰਹੇਗੀ ਤੇ ਫਾਈਲ ਪ੍ਰੋਸੈਸਿੰਗ ਸਮੇਂ ਲੋੜ ਪੈਣ ਤੇ ਦਫ਼ਤਰ ਵੱਲੋਂ ਖ਼ੁਦ ਬਿਨੈਕਾਰ ਨੂੰ ਫੋਨ ਕਰਕੇ ਲੋੜੀਂਦੀ ਜਾਣਕਾਰੀ ਲੈ ਲਈ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਸਟਾਫ ਦੀ ਸੁਰੱਖਿਆ ਲਈ ਵੀ ਦਫ਼ਤਰ ਵੱਲੋਂ ਜ਼ਰੂਰੀ ਕਦਮ ਚੁੱਕਦਿਆਂ ਲੋੜੀਂਦੇ ਮਾਸਕ, ਸੈਨੀਟਾਈਜ਼ਰ ਤੇ ਦਸਤਾਨੇ ਆਦਿ ਮੁਹੱਈਆ ਕਰਵਾ ਦਿੱਤੇ ਗਏ ਹਨ ਤੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰੇਕ ਬਿਨੈਕਾਰ ਦੇ ਫਿੰਗਰ ਪ੍ਰਿੰਟ ਲੈਣ ਤੋਂ ਬਾਅਦ ਸਕੈਨਰ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਕੀਤਾ ਜਾਵੇ।