Pathankot News : ਪਠਾਨਕੋਟ ਦੇ ਸ਼ਿਵ ਨਗਰ 'ਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਜਿੱਥੇ ਮਾਮੂਲੀ ਰੰਜਿਸ਼ ਦੇ ਚੱਲਦੇ 8-10 ਨੌਜਵਾਨਾਂ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇੱਕ ਨੌਜਵਾਨ ਦੇ ਦੋਵੇਂ ਲੱਤਾਂ ਅਤੇ ਸਿਰ 'ਤੇ ਦਾਤਰ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੱਟ ਗਈਆਂ। ਹਮਲਾਵਰਾਂ ਨੇ ਨੌਜਵਾਨ ਦੀ ਮਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਪਿਤਾ ਦੇ ਹੱਥ ਵੀ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਹੋ ਗਏ।

Continues below advertisement

ਹਮਲਾਵਰਾਂ ਨੇ ਘਰ ਅਤੇ ਨੇੜੇ ਖੜ੍ਹੇ ਵਾਹਨਾਂ ਦੀ ਵੀ ਭੰਨਤੋੜ ਵੀ ਕੀਤੀ। ਜ਼ਖਮੀਆਂ ਦੀ ਪਛਾਣ ਸ਼ਿਵ ਨਗਰ ਦੇ ਰਹਿਣ ਵਾਲੇ 24 ਸਾਲਾ ਅਰਜੁਨ ਉਰਫ਼ ਰਿੱਕੀ, ਉਸਦੇ ਪਿਤਾ ਰਾਜਕੁਮਾਰ ਅਤੇ ਉਸਦੀ ਮਾਂ ਸ਼ਮਾ ਵਜੋਂ ਹੋਈ ਹੈ। ਥਾਣਾ 2 ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਫੜ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।

ਸ਼ਿਵ ਨਗਰ ਵਿੱਚ ਵਾਪਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹਮਲਾਵਰ ਘਰ ਵਿੱਚ ਦਾਖਲ ਹੁੰਦੇ ਅਤੇ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਕੁਝ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਚੱਲ ਰਹੇ ਹਨ। ਵੀਡੀਓ ਵਿੱਚ ਮੁਹੱਲੇ ਦੀਆਂ ਔਰਤਾਂ ਹਮਲਾਵਰਾਂ ਨੂੰ ਗਾਲਾਂ ਕੱਢਦੀਆਂ ਹਨ ਅਤੇ ਉਨ੍ਹਾਂ ਨੂੰ ਮੁਹੱਲੇ ਵਿੱਚ ਵਾਪਸ ਨਾ ਆਉਣ ਲਈ ਕਹਿ ਰਹੀਆਂ ਹਨ।

Continues below advertisement

ਅਜੇ ਨੇ ਕਿਹਾ ਕਿ ਹਮਲਾਵਰਾਂ ਨੇ ਪੂਰੇ ਪਰਿਵਾਰ ਨੂੰ ਜ਼ਖਮੀ ਕਰ ਦਿੱਤਾ ਅਤੇ ਭੱਜ ਗਏ। ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਕਿਸੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਆਰੋਪੀ  ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਵਾਰ-ਵਾਰ ਧਮਕੀਆਂ ਦੇ ਰਹੇ ਹਨ। ਹੁਣ ਪੁਲਿਸ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਬਾਕੀ ਪਰਿਵਾਰ ਸੁਰੱਖਿਅਤ ਰਹਿ ਸਕੇ।

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ

ਡੀਐਸਪੀ ਸਿਟੀ ਵਿਪਿਨ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਦੋਸ਼ੀ ਨੂੰ ਫੜਨ ਲਈ ਯਤਨ ਜਾਰੀ ਹਨ। ਜਾਂਚ ਵੀ ਜਾਰੀ ਹੈ। ਆਰੋਪੀ ਪਾਏ ਜਾਣ ਵਾਲਿਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।