Pathankot Bus Accident  : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਬੁੱਧਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਅਤੇ ਸਕੂਟੀ ਸਵਾਰ ਸਮੇਤ 4 ਲੋਕਾਂ ਨੂੰ ਕੁਚਲ ਦਿੱਤਾ। ਇਹ ਬੱਸ ਜਲੰਧਰ ਤੋਂ ਜੰਮੂ ਜਾ ਰਹੀ ਸੀ। ਡਰਾਈਵਰ ਦਾ ਬੱਸ 'ਤੇ ਸੰਤੁਲਨ ਵਿਗੜਨ ਕਾਰਨ ਬੱਸ ਸੜਕ ਕਿਨਾਰੇ ਖੜ੍ਹੇ ਲੋਕਾਂ ਉੱਤੇ ਚੜ੍ਹ ਗਈ। ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

Continues below advertisement

ਮ੍ਰਿਤਕਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ ਦੋ ਹੋਰ ਲੋਕਾਂ ਨੂੰ ਕਈ ਗੰਭੀਰ ਸੱਟਾਂ ਆਈਆਂ ਹਨ। ਹਾਦਸੇ ਤੋਂ ਬਾਅਦ ਵੀ ਲਕਸ਼ਮੀ ਹਾਲੀਡੇਜ਼ ਦੀ ਬੱਸ ਦਾ ਡਰਾਈਵਰ ਕਰੀਬ 200 ਫੁੱਟ ਤੱਕ ਸਕੂਟੀ ਅਤੇ ਬਾਈਕ ਨੂੰ ਘਸੀਟਦਾ ਲੈ ਗਿਆ। ਇਸ ਦੌਰਾਨ ਸੜਕ ਕਿਨਾਰੇ ਆਪਣੇ ਬੱਚੇ ਨਾਲ ਜਾ ਰਹੀ ਇੱਕ ਔਰਤ ਵੀ ਬੱਸ ਦੀ ਚਪੇਟ ਵਿੱਚ ਆ ਗਈ।

ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਨੂੰ ਅੱਗ ਲਗਾ ਕੇ ਸਾੜ ਦਿੱਤਾ। ਹਾਲਾਤ ਤਣਾਅਪੂਰਨ ਹੋਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਨੰਗਲਭੂਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Continues below advertisement

ਜਲੰਧਰ ਤੋਂ ਜੰਮੂ ਜਾ ਰਹੀ ਸੀ ਲਕਸ਼ਮੀ ਹਾਲੀਡੇਜ਼ ਦੀ ਬੱਸ

ਹਾਦਸਾ ਬੁੱਧਵਾਰ ਸਵੇਰੇ ਕਰੀਬ 10 ਵਜੇ ਵਾਪਰਿਆ। ਲਕਸ਼ਮੀ ਹਾਲੀਡੇਜ਼ ਦੀ ਬੱਸ ਅਚਾਨਕ ਬੇਕਾਬੂ ਹੋ ਗਈ। ਸੰਦੀਪਨੀ ਗੁਰੁਕੁਲ ਸਕੂਲ, ਕੌਂਤਰਪੁਰ ਨੇੜੇ ਚੌਕ ਵਿੱਚ ਕੁਝ ਲੋਕ ਖੜ੍ਹੇ ਸਨ, ਜਿਨ੍ਹਾਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਸੜਕ ਕਿਨਾਰੇ ਖੜ੍ਹੀ ਇੱਕ ਬਾਈਕ, ਇੱਕ ਸਕੂਟੀ ਅਤੇ ਦੋ ਹੋਰ ਲੋਕ ਵੀ ਹਾਦਸੇ ਦਾ ਸ਼ਿਕਾਰ ਹੋ ਗਏ।

ਸਕੂਟੀ ਨੂੰ ਟੱਕਰ ਮਾਰਣ ਤੋਂ ਬਾਅਦ ਵੀ ਨਹੀਂ ਰੋਕੀ ਬੱਸ

ਸਥਾਨਕ ਨਿਵਾਸੀ ਅਤੇ ਰਿਟਾਇਰਡ ਸੂਬੇਦਾਰ ਮੇਜਰ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਬੱਸ ਨੇ ਸਭ ਤੋਂ ਪਹਿਲਾਂ ਪਿੰਡ ਦੇ 38 ਸਾਲਾ ਰਣਜੀਤ ਸਿੰਘ ਦੀ ਸਕੂਟੀ ਨੂੰ ਟੱਕਰ ਮਾਰੀ। ਟੱਕਰ ਤੋਂ ਬਾਅਦ ਸਕੂਟੀ ਬੱਸ ਹੇਠਾਂ ਫਸ ਗਈ, ਪਰ ਡਰਾਈਵਰ ਨੇ ਬੱਸ ਰੋਕਣ ਦੀ ਬਜਾਏ ਉਸਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸਨੇ ਸੜਕ ਕਿਨਾਰੇ ਖੜ੍ਹੇ ਬਾਈਕ ਸਵਾਰ ਅਰੁਣ ਕੁਮਾਰ ਨੂੰ ਵੀ ਟੱਕਰ ਮਾਰ ਦਿੱਤੀ।

200 ਫੁੱਟ ਤੱਕ ਘਸੀਟਦਾ ਰਿਹਾ

ਹਾਦਸੇ ਤੋਂ ਬਾਅਦ ਵੀ ਡਰਾਈਵਰ ਕਰੀਬ 200 ਫੁੱਟ ਤੱਕ ਸਕੂਟੀ ਅਤੇ ਬਾਈਕ ਨੂੰ ਘਸੀਟਦਾ ਲੈ ਗਿਆ। ਇਸ ਦੌਰਾਨ ਆਪਣੇ ਬੱਚੇ ਨਾਲ ਜਾ ਰਹੀ ਨਪਵਾਲ ਪਿੰਡ ਦੀ ਇੱਕ ਔਰਤ ਵੀ ਬੱਸ ਦੀ ਲਪੇਟ ਵਿੱਚ ਆ ਗਈ। ਟੱਕਰ ਤੋਂ ਬਾਅਦ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

2 ਦੀ ਮੌਕੇ 'ਤੇ ਮੌਤ, 2 ਜ਼ਖ਼ਮੀ

ਹਾਦਸੇ ਵਿੱਚ ਚਾਰ ਲੋਕ ਗੰਭੀਰ ਜ਼ਖ਼ਮੀ ਹੋਏ। ਬਾਈਕ ਅਤੇ ਸਕੂਟੀ ਸਵਾਰ ਦੋ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿੱਚ ਰਾਜ ਨਿਊਰੋ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਦੋਵਾਂ ਨੇ ਦਮ ਤੋੜ ਦਿੱਤਾ।ਮ੍ਰਿਤਕਾਂ ਦੀ ਪਛਾਣ ਕੌਂਤਰਪੁਰ ਦੇ ਰਹਿਣ ਵਾਲੇ ਰਣਜੀਤ ਸਿੰਘ (38) ਅਤੇ ਅਰੁਣ ਕੁਮਾਰ (32) ਵਜੋਂ ਹੋਈ ਹੈ। ਰਣਜੀਤ ਸਿੰਘ ਦੇ 3 ਅਤੇ 6 ਸਾਲ ਦੇ ਦੋ ਪੁੱਤਰ ਹਨ ਅਤੇ ਉਹ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਬਟਾਉਂਦਾ ਸੀ। ਅਰੁਣ ਕੁਮਾਰ ਪਿੰਡ ਵਿੱਚ ਇੱਕ ਟੈਂਟ ਹਾਊਸ ਵਿੱਚ ਕੰਮ ਕਰਦਾ ਸੀ।

ਡਰਾਈਵਰ-ਕੰਡਕਟਰ ਫ਼ਰਾਰ, ਲੋਕਾਂ ਨੇ ਬੱਸ ਸਾੜੀ

ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਨਾਲ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਬੱਸ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਪਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਬੱਸ ਆਪਰੇਟਰਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ।

ਐਸਪੀ ਨੇ ਕਿਹਾ- ਡਰਾਈਵਰ ਅਤੇ ਮਾਲਕ ਖ਼ਿਲਾਫ਼ ਹੋਵੇਗੀ ਕਾਰਵਾਈ

ਮੌਕੇ 'ਤੇ ਪਹੁੰਚੇ ਐਸਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਨੂੰ ਅੱਗ ਲਗਾ ਦਿੱਤੀ। ਪੁਲਿਸ ਫ਼ਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ ਅਤੇ ਡਰਾਈਵਰ ਅਤੇ ਬੱਸ ਮਾਲਕ ਖ਼ਿਲਾਫ਼ ਐਫਆਈਆਰ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।