Terrorist Shahid Latif Shot Dead: ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਤੇ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦੀ ਪਾਕਿਸਤਾਨ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਿਆਲਕੋਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।


ਜ਼ਿਕਰਯੋਗ ਹੈ ਕਿ 2016 'ਚ ਪੰਜਾਬ ਦੇ ਪਠਾਨਕੋਟ ਸਥਿਤ ਏਅਰ ਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕੀਤਾ ਸੀ। ਇਸ ਹਮਲੇ 'ਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਸਨ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸ਼ਾਹਿਦ ਲਤੀਫ ਇਸ ਹਮਲੇ ਦਾ ਮਾਸਟਰਮਾਈਂਡ ਸੀ ।


ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ NIA ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਯੋਜਨਾ ਪਾਕਿਸਤਾਨ 'ਚ ਬਣਾਈ ਗਈ ਸੀ ਤੇ ਉਸ ਮਗਰੋਂ ਉਸ ਨੂੰ ਅੰਜਾਮ ਦਿੱਤਾ ਗਿਆ ਸੀ । ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਹਮਲੇ ਨੂੰ ਅੰਜਾਮ ਦੇਣ ਲਈ ਚਾਰ ਆਤਮਘਾਤੀ ਹਮਲਾਵਰਾਂ ਨੂੰ ਸਿਖਲਾਈ ਦੇ ਕੇ ਭੇਜਿਆ ਸੀ। ਐਨਆਈਏ ਦੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਹਮਲੇ ਨੂੰ ਅੰਜਾਮ ਦੇਣ ਲਈ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੇ ਮਾਸਟਰਮਾਈਂਡ ਤੇ ਹੈਂਡਲਰ ਸਾਰੇ ਪਾਕਿਸਤਾਨ ਵਿੱਚ ਸਥਿਤ ਸਨ ।


47 ਸਾਲਾ ਸ਼ਾਹਿਦ ਲਤੀਫ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਅਮੀਨਾਬਾਦ ਕਸਬੇ ਦੇ ਮੋੜ ਪਿੰਡ ਦਾ ਰਹਿਣ ਵਾਲਾ ਸੀ। ਸ਼ਾਹਿਦ ਲਤੀਫ ਜੈਸ਼ ਦੇ ਲਾਂਚਿੰਗ ਕਮਾਂਡਰ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਪਠਾਨਕੋਟ ਭੇਜਿਆ ਸੀ ।


ਦੱਸ ਦੇਈਏ ਕਿ ਸ਼ਾਹਿਦ ਲਤੀਫ ਨੂੰ 1993 'ਚ ਅੱਤਵਾਦ ਦੇ ਦੋਸ਼ 'ਚ ਭਾਰਤ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਮੁਕੱਦਮਾ ਚਲਾਇਆ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ । ਸ਼ਾਹਿਦ ਲਤੀਫ ਕਰੀਬ 11 ਸਾਲ ਭਾਰਤੀ ਜੇਲ੍ਹ ਵਿੱਚ ਕੈਦ ਰਿਹਾ। ਭਾਰਤ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ 2010 ਵਿੱਚ ਪਾਕਿਸਤਾਨ ਭੇਜ ਦਿੱਤਾ ਗਿਆ ਸੀ । NIA ਦੀ ਜਾਂਚ 'ਚ ਕਿਹਾ ਗਿਆ ਹੈ ਕਿ ਭਾਰਤ ਤੋਂ ਡਿਪੋਰਟ ਹੋਣ ਤੋਂ ਬਾਅਦ ਸ਼ਾਹਿਦ ਲਤੀਫ ਪਾਕਿਸਤਾਨ 'ਚ ਜੇਹਾਦੀ ਕੈਂਪ 'ਚ ਵਾਪਸ ਚਲਾ ਗਿਆ ਸੀ ਤੇ ਪਠਾਨਕੋਟ ਅੱਤਵਾਦੀ ਹਮਲੇ 'ਚ ਅਹਿਮ ਭੂਮਿਕਾ ਨਿਭਾਈ ਸੀ ।