Pathankot News : ਪਠਾਨਕੋਟ ਦੇ ਨਾਲ ਲੱਗਦੇ ਨੰਗਲ ਕਸਬੇ ਦੇ ਅਨੇੜ ਪਿੰਡ ਵਿੱਚ ਇੱਕ 25 ਸਾਲਾ ਵਿਅਕਤੀ ਦੀ ਗਲੀ -ਸੜੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਅੰਗਰੇਜ਼ ਸਿੰਘ ਵਜੋਂ ਹੋਈ ਹੈ, ਜੋ ਅਨੇੜ ਪਿੰਡ ਦਾ ਰਹਿਣ ਵਾਲਾ ਸੀ।
ਅੰਗਰੇਜ ਮੁਕੇਰੀਆਂ ਵਿੱਚ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ 5 ਦਿਨਾਂ ਤੋਂ ਲਾਪਤਾ ਸੀ ਅਤੇ ਉਸਦਾ ਪਰਿਵਾਰ ਉਸਦੀ ਭਾਲ ਕਰ ਰਿਹਾ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਅੰਗਰੇਜ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਦਰੱਖਤ ਨਾਲ ਲਟਕਾਈ ਗਈ ਹੈ। ਉਨ੍ਹਾਂ ਨੇ ਦੇਰੀ ਨਾਲ ਕਾਰਵਾਈ ਕਰਨ ਕਾਰਨ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਉਠਾਏ ਹਨ।
ਪਰਿਵਾਰ ਦਾ ਆਰੋਪ ਹੈ ਕਿ ਸ਼ਿਕਾਇਤ ਦਰਜ ਕਰਨ ਦੇ ਬਾਵਜੂਦ ਨੰਗਲ ਭੂਰ ਦੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਅਤੇ ਪਰਿਵਾਰ ਨੂੰ ਗੁੰਮਰਾਹ ਕਰਕੇ ਮੁਕੇਰੀਆਂ ਪੁਲਿਸ ਸਟੇਸ਼ਨ ਭੇਜ ਦਿੱਤਾ, ਜਿੱਥੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ, ਐਸਐਸਪੀ ਪਠਾਨਕੋਟ ਦੇ ਦਖਲ ਕਾਰਨ ਨੰਗਲ ਭੂਰ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਪੁਲਿਸ 'ਤੇ ਲਗਾਏ ਗੰਭੀਰ ਆਰੋਪ
ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਆਰੋਪ ਲਗਾਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਮੇਂ ਸਿਰ ਉਨ੍ਹਾਂ ਦੀ ਸ਼ਿਕਾਇਤ ਦਰਜ ਕੀਤੀ ਜਾਂਦੀ ਤਾਂ ਉਨ੍ਹਾਂ ਦੇ ਪੁੱਤਰ ਨਾਲ ਇਹ ਘਟਨਾ ਨਾ ਹੁੰਦੀ।ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਹੋਈ। ਮੌਕੇ 'ਤੇ ਪਹੁੰਚੇ ਡੀਐਸਪੀ (ਸ਼ਹਿਰੀ) ਜਗਦੀਸ਼ ਅਤਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
