ਪਟਿਆਲਾ: ਆਸਾਮ ਦੇ ਜੋਰਹਾਟ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਐਂਟੋਨੋਵਾ ਏਐਨ-32 ਜਹਾਜ਼ ‘ਚ ਸਮਾਣਾ ਦਾ ਨੌਜਵਾਨ ਮੋਹਿਤ ਕੁਮਾਰ ਵੀ ਸਵਾਰ ਸੀ। ਮੋਹਿਤ ਏਅਰਫੋਰਸ ‘ਚ ਫਲਾਈਟ ਲੈਫਟੀਨੈਂਟ ਹੈ। ਮੋਹਿਤ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਆਸਥਾ ਨਾਲ ਹੋਇਆ ਸੀ। ਆਸਥਾ ਆਸਾਮ ‘ਚ ਹੀ ਇੱਕ ਬੈਂਕ ‘ਚ ਨੌਕਰੀ ਕਰ ਰਹੀ ਹੈ। ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲਦੇ ਹੀ ਮੋਹਿਤ ਦੇ ਪਿਤਾ ਸੁਰੇਂਦਰ ਪਾਲ ਤੇ ਹੋਰ ਕੁਝ ਪਰਿਵਾਰਕ ਮੈਂਬਰ ਆਸਾਮ ਲਈ ਰਵਾਨਾ ਹੋ ਗਏ ਹਨ।



ਜੋਰਹਾਟ ਤੋਂ ਉਡਾਣ ਭਰਨ ਤੋਂ ਬਾਅਦ ਐਂਟੋਨੋਵਾ ਏਐਨ-32 ਜਹਾਜ਼ ਲਾਪਤਾ ਹੋ ਗਿਆ ਜਿਸ ‘ਚ ਚਾਲਕ ਦਲ ਸਮੇਤ 13 ਲੋਕ ਸਵਾਰ ਸੀ। ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਸ ਦੀ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ।



ਏਐਨ-32 ਸੈਨਾ ਦਾ ਸਾਮਾਨ ਲਿਆਉਣ ਤੇ ਲੈ ਜਾਣ ਵਾਲਾ ਦੋ ਇੰਜਨ ਵਾਲਾ ਜਹਾਜ਼ ਹੈ। ਭਾਰਤੀ ਸੈਨਾ ਇਸ ਦਾ ਇਸਤੇਮਾਲ 1984 ਤੋਂ ਕਰ ਰਹੀ ਹੈ। ਹਵਾਈ ਸੈਨਾ ‘ਚ ਕਰੀਬ 100 ਏਐਨ-32 ਜਹਾਜ਼ ਹਨ ਤੇ ਉਨ੍ਹਾਂ ਦਾ ਅੱਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ। ਲਾਪਤਾ ਜਹਾਜ਼ ਦਾ ਅਜੇ ਅੱਪਗ੍ਰੇਡੇਸ਼ਨ ਨਹੀਂ ਹੋਇਆ ਸੀ।