Patiala News: ਸਮਾਣਾ ਸਿਟੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਲੋਕਾਂ ਖਿਲਾਫ ਧਾਰਾ 406, 420 ਤੇ 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੱਤਪਾਲ ਸਿੰਘ ਵਾਸੀ ਖਾਲਸਾ ਕਲੋਨੀ, ਸਮਾਣਾ ਵੱਲੋਂ ਸੰਦੀਪ ਗੋਇਲ ਵਾਸੀ ਇੰਦਰਾਪੁਰੀ ਸਮਾਣਾ, ਰਾਹੁਲ ਸੂਦ ਵਾਸੀ ਦਿੱਲੀ ਜੋ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ, ਸ਼ਿਕਾਇਤ ਦਰਜ ਕਰਵਾਈ ਗਈ ਹੈ।



ਸ਼ਿਕਾਇਤ ਮੁਤਾਬਕ ਇਨ੍ਹਾਂ ਨੇ ਉਸ ਦੇ ਲੜਕੇ ਏਕਨੂਰ ਨੂੰ ਪੁਰਤਗਾਲ ਭੇਜਣ ਲਈ 16.50 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ। ਇਸ ਵਿੱਚ ਉਨ੍ਹਾਂ ਨੇ 6 ਲੱਖ ਰੁਪਏ ਐਡਵਾਂਸ, 6 ਲੱਖ ਸਰਬੀਆ ਪਹੁੰਚਣ ਤੇ ਸਾਢੇ 4 ਲੱਖ ਪੁਰਤਗਾਲ ਪਹੁੰਚਣ ਤੋਂ ਬਾਅਦ ਦੇਣੇ ਸਨ। ਉਸ ਨੇ ਅੱਗੇ ਦੱਸਿਆ ਕਿ 28 ਜੂਨ ਨੂੰ ਸਤਪਾਲ ਸਿੰਘ ਨੇ ਵੱਖ-ਵੱਖ ਬੈਂਕਾਂ ‘ਚੋਂ 6 ਲੱਖ ਰੁਪਏ ਕੱਢਵਾ ਕੇ, ਪਾਸਪੋਰਟ, ਅਧਾਰ ਕਾਰਡ ਤੇ ਪੈਨ ਕਾਰਡ ਦੀ ਕਾਪੀ ਸੰਦੀਪ ਗੋਇਲ ਨੂੰ ਦੇ ਦਿੱਤੇ। 


ਇਸ ਮਗਰੋਂ 4 ਜੁਲਾਈ ਨੂੰ ਸੰਦੀਪ ਗੋਇਲ ਉਸ ਦੇ ਲੜਕੇ ਏਕਨੂਰ ਨੂੰ ਦਿੱਲੀ ਲੈ ਗਿਆ ਤੇ 6 ਜੁਲਾਈ ਨੂੰ ਸਰਬੀਆ ਭੇਜ ਦਿੱਤਾ। ਇਸ ਤੇ 2 ਲੱਖ ਰੁਪਏ ਉਸ ਨੇ ਆਪਣੇ ਦੋਸਤ ਕਮਲ ਗੋਇਲ ਰਾਹੀਂ ਦੁਕਾਨ ਤੇ ਭੇਜੇ। 8 ਜੁਲਾਈ ਨੂੰ ਏਕਨੂਰ ਨਾਲ ਸਰਬੀਆ ਤੋਂ ਗੱਲ ਕਰਵਾ ਦਿੱਤੀ ਜਿਸ ਮੁਤਾਬਕ ਉਸ ਨੇ 6 ਲੱਖ ਰੁਪਏ ਹੋਰ ਬੈਂਕ ਖਾਤਿਆਂ ਵਿੱਚੋਂ ਕੱਢਵਾ ਕੇ ਸੰਦੀਪ ਦੇ ਪਿਤਾ ਮਹਿੰਦਰਪਾਲ ਤੇ ਭਰਾ ਰਨਦੀਪ ਗੋਇਲ ਨੂੰ ਦੇ ਦਿੱਤੇ। 


ਅਧਿਕਾਰੀ ਅਨੁਸਾਰ ਉਕਤ ਮੁਲਜ਼ਮਾਂ ਨੇ ਏਕਨੂਰ ਨੂੰ ਸਰਬੀਆ ਤੋਂ ਅਰਮਾਨੀਆਂ ਜੰਗਲਾਂ ਰਾਹੀ ਪੈਦਲ ਤੌਰ ਕੇ ਗਲਤ ਤਰੀਕੇ ਨਾਲ ਇਟਲੀ ਭੇਜ ਕੇ ਉਸ ਕੋਲੋਂ ਪਾਸਪੋਰਟ ਤੇ ਕੱਪੜਿਆਂ ਵਾਲੇ ਬੈਗ ਖੋਹ ਲਏ ਤੇ ਢਾਈ ਲੱਖ ਰੁਪਏ ਇਕਰਾਰ ਮੁਤਾਬਕ ਹੋਰ ਮੰਗਣ ਲੱਗ ਪਏ। ਜਦੋਂ ਸਤਪਾਲ ਸਿੰਘ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਨਾਜਾਇਜ਼ ਤਰੀਕੇ ਨਾਲ ਭੇਜਣ ਦਾ ਇਤਰਾਜ ਕੀਤਾ ਤਾਂ ਉਹ ਅੱਗੋਂ ਧਮਕੀਆਂ ਦੇਣ ਲੱਗੇ ਕਿ ਅਸੀਂ ਤੇਰੇ ਲੜਕੇ ਨੂੰ ਨਾ ਤਾਂ ਅੱਗੇ ਭੇਜਾਂਗੇ ਤੇ ਨਾਂ ਹੀ ਪਾਸਪੋਰਟ ਦੇਵਾਂਗੇ। 


ਇਸ ਕਾਰਨ ਸਤਪਾਲ ਸਿੰਘ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਉਕਤ ਵਿਅਕਤੀਆਂ ਖਿਲਾਫ ਕਬੂਤਰਬਾਜ਼ੀ, ਮਾਨਵ ਤੱਸਕਰੀ ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ। ਸਤਪਾਲ ਸਿੰਘ ਨੇ ਕਿਹਾ ਕਿ ਮੈਂ ਮਹਿੰਦਰ ਕੁਮਾਰ (ਬਿੰਦੀ) ਟਰੰਕ ਪੇਟੀਆਂ ਵਾਲੇ ਨੂੰ 6 ਲੱਖ ਰੁਪਏ ਦਿੱਤੇ ਸਨ। ਉਸ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਪੁਲਿਸ ਨੇ ਮਹਿੰਦਰ ਕੁਮਾਰ ਦੇ ਪੁੱਤਰ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਮਹਿੰਦਰ ਕੁਮਾਰ ਤੇ ਕਿਉਂ ਨਹੀਂ ਕੀਤਾ ਜਦੋਂਕਿ ਉਸ ਤੇ ਵੀ ਮਾਮਲਾ ਦਰਜ ਕੀਤਾ ਜਾਵੇ। 


ਥਾਣਾ ਮੁਖੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਮਾਮਲਾ ਦਰਜ ਕਰਕੇ ਮੁਲਜ਼ਮਾ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਸਿਟੀ ਮੁੱਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਾਰਵਾਈ ਦੌਰਾਨ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।