ਪਟਿਆਲਾ : ਪਟਿਆਲਾ ਪੁਲਿਸ ਨੇ ਭਗੌੜੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਇਨ੍ਹਾਂ ਤਿੰਨੇ ਗੈਂਗਸਟਰਾਂ ਖਿਲਾਫ਼ ਪੰਜਾਬ ਅਤੇ ਬਿਹਾਰ ਵਿੱਚ ਕਤਲ , ਲੁੱਟਖੋਹ ਅਤੇ ਇਰਾਦਾ ਕਤਲ ਦੇ ਮਾਮਲੇ ਵਿੱਚ ਦਰਜ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਵਿਦੇਸ਼ੀ ਪਿਸਤੌਲ 9 ਐਮਐਮ ਅਤੇ ਇੱਕ ਵਿਦੇਸ਼ੀ 12 ਬੋਰ ਰਾਈਫਲ, ਦੋ ਪਿਸਤੌਲ 32 ਬੋਰ ਅਤੇ ਕੁੱਲ 23 ਕਾਰਤੂਸ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਮੱਗੂ, ਮੁਹੰਮਦ ਸ਼ਾਹਜਹਾਂ ਉਰਫ ਸਾਜਨ ਅਤੇ ਸੁਨੀਲ ਕੁਮਾਰ ਰਾਣਾ ਵਜੋਂ ਹੋਈ ਹੈ।
ਇਸ ਸਬੰਧੀ ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਦੀਪਕ ਪਾਰਿਕ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਪਟਿਆਲਾ ਸੀਆਈਏ ਸਟਾਫ਼ ਪੁਲਿਸ ਨੇ ਅੰਬਾਲਾ ਮੇਨ ਜੀਟੀ ਰੋਡ ਤੋਂ ਇਨੋਵਾ ਕਾਰ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਪਟਿਆਲਾ ਦੇ ਸਰਪੰਚ ਤਾਰਾ ਦੱਤ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਕਤਲ ਕੇਸ ਦੇ ਨਾਲ-ਨਾਲ ਬਿਹਾਰ ਵਿੱਚ ਇੱਕ ਹੋਰ ਕਤਲ ਕੇਸ ਵਿੱਚ ਲੋੜੀਂਦੇ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਹੋਰ ਕੇਸ ਦਰਜ ਹਨ।
ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਵੱਲੋਂ ਪਟਿਆਲਾ ਵਿੱਚ 11 ਜਨਵਰੀ 2022 ਨੂੰ ਸਰਪੰਚ ਤਾਰਾ ਦੱਤ ਦਾ ਕਤਲ ਕੀਤਾ ਗਿਆ ਸੀ, ਜਦਕਿ ਇਸ ਮਾਮਲੇ ਵਿੱਚ ਸੱਤ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ। ਸਰਪੰਚ ਕਤਲ ਕੇਸ ਵਿੱਚ ਦਿੱਲੀ ਜੇਲ੍ਹ ਵਿੱਚ ਬੰਦ ਕੰਵਰ ਰਣਦੀਪ ਸਿੰਘ ਐਸ ਕੇ ਖਰੌੜ ਨੂੰ ਵੀ ਪੁਲੀਸ ਵੱਲੋਂ ਜਲਦੀ ਹੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ।
ਇਸ ਦੇ ਇਲਾਵਾ ਮੁਹੰਮਦ ਸ਼ਾਹਜਹਾਂ ਅਤੇ ਸੁਨੀਲ ਬਿਹਾਰ ਵਿੱਚ ਮੁਹੰਮਦ ਫਿਰਦੌਸ ਆਲਮ ਨਾਮ ਦੇ ਵਿਅਕਤੀ ਉੱਤੇ ਹੋਏ ਕਾਤਲਾਨਾ ਹਮਲੇ ਵਿੱਚ ਲੋੜੀਂਦੇ ਸਨ। ਮੁਹੰਮਦ ਨੇ ਆਪਣੇ ਭਰਾ ਚੰਦ ਮੁਹੰਮਦ ਦੇ ਕਤਲ ਦਾ ਬਦਲਾ ਲੈਣ ਲਈ ਮੁਹੰਮਦ ਫਿਰਦੌਸ ਆਲਮ 'ਤੇ ਹਮਲਾ ਕੀਤਾ ਸੀ। ਇਹ ਮੁਹੰਮਦ ਫਿਰਦੌਸ ਸੀ, ਜਿਸ ਨੇ ਸਾਲ 2020 ਵਿੱਚ ਬਿਹਾਰ ਵਿੱਚ ਚਾਂਦ ਮੁਹੰਮਦ ਦਾ ਕਤਲ ਕੀਤਾ ਸੀ। ਇਹ ਚਾਂਦ ਮੁਹੰਮਦ 2020 ਵਿੱਚ ਪਟਿਆਲਾ ਵਿੱਚ ਸ਼ਮਸ਼ੇਰ ਸ਼ੇਰਾ ਦੇ ਕਤਲ ਦਾ ਦੋਸ਼ੀ ਸੀ। ਇਸ ਮਾਮਲੇ 'ਚ ਮੁਹੰਮਦ ਸ਼ਾਹਜਹਾਂ ਹੁਣ ਤੱਕ ਭਗੌੜਾ ਸੀ।