ਪਟਿਆਲਾ : ਪਟਿਆਲਾ ਹਿੰਸਾ ( Patiala Violence ) ਦੇ ਦੋਸ਼ੀ ਹਰੀਸ਼ ਸਿੰਗਲਾ (Harish Singla)ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪਟਿਆਲਾ ਵਿੱਚ ਸ਼ੁੱਕਰਵਾਰ ਨੂੰ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਇੱਕ ਦੂਜੇ 'ਤੇ ਪਥਰਾਅ ਕੀਤਾ ਗਿਆ। ਪੁਲੀਸ ਨੇ ਦੋਵਾਂ ਧੜਿਆਂ ਦੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸਥਿਤੀ ਵਿਗੜਨ ਲੱਗੀ ਤਾਂ ਪੁਲਿਸ ਨੇ ਵੀ ਭੀੜ ਨੂੰ ਖਦੇੜਨ ਲਈ ਹਵਾਈ ਫਾਇਰਿੰਗ ਕੀਤੀ। ਅੱਜ ਇਸ ਮਾਮਲੇ 'ਚ ਦੋਸ਼ੀ ਹਰੀਸ਼ ਸਿੰਗਲਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਬੀਤੀ ਰਾਤ ਸ਼ਿਵ ਸੈਨਾ ਦੇ ਸਾਬਕਾ ਆਗੂ ਹਰੀਸ਼ ਸਿੰਗਲਾ (Harish Singla) ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਪੁਲਿਸ ਨੇ ਮਾਹੌਲ ਖਰਾਬ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਸ਼ਿਵ ਸੈਨਾ ਪੰਜਾਬ ਵਲੋਂ ਜਥੇਬੰਦੀ ਦੇ ਵਿਵਾਦਿਤ ਆਗੂ ਹਰੀਸ਼ ਸਿੰਗਲਾ (Harish Singla) ਪਟਿਆਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ।
ਦਰਅਸਲ 'ਚ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਅਤੇ ਸਿੱਖ ਜੱਥੇਬੰਦੀਆਂ ਵਿਚਾਲੇ ਮਾਰਚ ਨੂੰ ਲੈ ਕੇ ਝੜਪ ਹੋ ਗਈ ਸੀ , ਜਿਸ ਤੋਂ ਬਾਅਦ ਅੱਜ ਸ਼ਹਿਰ ਵਿੱਚ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਹੁਣ ਹਾਲਾਤ ਠੀਕ ਹੋਣ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਨੂੰ ਮੁੜ ਬਹਾਲ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਦਿੱਤੀ ਹੈ। ਸ਼ੁੱਕਰਵਾਰ ਨੂੰ ਹੋਈ ਹਿੰਸਾ 'ਚ ਚਾਰ ਲੋਕ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਇੱਥੇ ਕਰਫਿਊ ਲਗਾ ਦਿੱਤਾ ਗਿਆ ਸੀ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਸਥਿਤੀ ਸ਼ਾਂਤੀਪੂਰਨ ਹੈ।